﻿ਯਸਾ.
19.
ਮਿਸਰ ਦੇਸ ਦੇ ਵਿਖੇ ਅਗੰਮ ਵਾਕ l ਵੇਖੋ, ਯਹੋਵਾਹ ਉੱਡਦੇ ਬੱਦਲ ਉੱਤੇ ਸਵਾਰ ਹੋ ਕੇ ਮਿਸਰ ਨੂੰ ਆਉਂਦਾ ਹੈ, ਮਿਸਰ ਦੇ ਬੁੱਤ ਉਹ ਦੇ ਹਜ਼ੂਰ ਕੰਬ ਉੱਠਣਗੇ, ਅਤੇ ਮਿਸਰੀਆਂ ਦਾ ਦਿਲ ਉਨ੍ਹਾਂ ਦੇ ਅੰਦਰ ਢੱਲ਼ ਜਾਵੇਗਾ। 
ਮੈਂ ਮਿਸਰੀਆਂ ਨੂੰ ਮਿਸਰੀਆਂ ਦੇ ਵਿਰੁੱਧ ਪਰੇਰਾਂਗਾ, ਉਹ ਆਪਸ ਵਿੱਚ ਲੜਨਗੇ, ਹਰੇਕ ਮਨੁੱਖ ਆਪਣੇ ਭਰਾ ਨਾਲ, ਅਤੇ ਹਰੇਕ ਮਨੁੱਖ ਆਪਣੇ ਗੁਆਂਢੀ ਨਾਲ, ਸ਼ਹਿਰ ਸ਼ਹਿਰ ਨਾਲ ਅਤੇ ਰਾਜ ਰਾਜ ਨਾਲ ਯੁੱਧ ਕਰੇਗਾ। 
ਮਿਸਰੀਆਂ ਦੀ ਬੁੱਧ ਉਨ੍ਹਾਂ ਦੇ ਵਿੱਚੋਂ ਖਾਲੀ ਕੀਤੀ ਜਾਵੇਗੀ, ਮੈਂ ਉਨ੍ਹਾਂ ਦੀਆਂ ਜੁਗਤੀਆਂ ਨੂੰ ਅਸਫ਼ਲ ਕਰਾਂਗਾ, ਉਹ ਬੁੱਤਾਂ ਤੋਂ ਪੁੱਛ-ਗਿੱਛ ਕਰਨਗੇ, ਅਤੇ ਨਾਲੇ ਮੰਤ੍ਰੀਆਂ ਅਤੇ ਭੂਤ-ਮਿੱਤ੍ਰਾਂ ਅਤੇ ਦਿਓ-ਯਾਰਾਂ ਤੋਂ ਵੀ। 
ਮੈਂ ਮਿਸਰੀਆਂ ਨੂੰ ਨਿਰਦਈ ਮਾਲਕਾਂ ਦੇ ਵੱਸ ਵਿੱਚ ਕਰਾਂਗਾ, ਅਤੇ ਇੱਕ ਜ਼ਾਲਮ ਰਾਜਾ ਉਨ੍ਹਾਂ ਦੇ ਉੱਤੇ ਰਾਜ ਕਰੇਗਾ, ਸੈਨਾਂ ਦੇ ਪ੍ਰਭੂ ਯਹੋਵਾਹ ਦਾ ਵਾਕ ਹੈ। 
ਪਾਣੀ ਸਮੁੰਦਰ ਵਿੱਚੋਂ ਸੁੱਕ ਜਾਵੇਗਾ, ਅਤੇ ਦਰਿਆ ਖੁਸ਼ਕ ਅਤੇ ਖਾਲੀ ਹੋ ਜਾਵੇਗਾ, 
ਨਹਿਰਾਂ ਬਦਬੂਦਾਰ ਹੋ ਜਾਣਗੀਆਂ, ਮਿਸਰ ਦੇ ਨਾਲੇ ਘੱਟਦੇ-ਘੱਟਦੇ ਸੁੱਕ ਜਾਣਗੇ, ਕਾਨਾ ਤੇ ਪਿਲਛੀ ਗਲ਼ ਜਾਣਗੇ। 
ਨੀਲ ਦਰਿਆ ਉੱਤੇ, ਅਤੇ ਉਹ ਦੇ ਕੰਢੇ ਉੱਤੇ ਵਿਰਾਨੀ ਹੋਵੇਗੀ, ਜੋ ਕੁਝ ਨੀਲ ਦਰਿਆ ਦੇ ਕੋਲ ਬੀਜਿਆ ਜਾਵੇ, ਉਹ ਸੁੱਕ ਜਾਵੇਗਾ, ਉੱਡ ਜਾਵੇਗਾ ਅਤੇ ਫੇਰ ਹੋਵੇਗਾ ਨਹੀਂ। 
ਮਾਛੀ ਹਾਉਂਕੇ ਭਰਨਗੇ, ਉਹ ਸਾਰੇ ਜਿਹੜੇ ਨੀਲ ਵਿੱਚ ਕੁੰਡੀਆਂ ਪਾਉਂਦੇ ਹਨ, ਰੋਣਗੇ ਅਤੇ ਉਹ ਜਿਹੜੇ ਪਾਣੀਆਂ ਦੇ ਉੱਤੇ ਜਾਲ਼ ਵਿਛਾਉਂਦੇ ਹਨ ਢਿੱਲੇ ਪੈ ਜਾਣਗੇ। 
ਮਹੀਨ ਕਤਾਨ ਦੇ ਕਾਰੀਗਰ, ਅਤੇ ਚਿੱਟੇ ਸੂਤ ਦੇ ਬੁਣਨ ਵਾਲਿਆਂ ਦੀ ਆਸ ਟੁੱਟ ਜਾਵੇਗੀ। 
ਦੇਸ ਦੇ ਧਨਵਾਨ ਭੰਨੇ ਜਾਣਗੇ, ਅਤੇ ਸਾਰੇ ਮਜ਼ਦੂਰ ਪ੍ਰਾਣਾਂ ਤੋਂ ਔਖੇ ਹੋਣਗੇ। 
ਸੋਆਨ ਦੇ ਹਾਕਮ ਨਿਰੇ ਮੂਰਖ ਹੀ ਹਨ, ਫ਼ਿਰਊਨ ਦੇ ਸਿਆਣੇ ਸਲਾਹਕਾਰਾਂ ਦੀ ਸਲਾਹ ਖੱਚਰਪੁਣਾ ਹੀ ਹੈ। ਫੇਰ ਤੁਸੀਂ ਕਿਵੇਂ ਫ਼ਿਰਊਨ ਨੂੰ ਆਖਦੇ ਹੋ, ਮੈਂ ਸਿਆਣਿਆਂ ਦਾ ਪੁੱਤਰ ਹਾਂ, ਅਤੇ ਪ੍ਰਾਚੀਨ ਦੇ ਰਾਜਿਆਂ ਦੀ ਅੰਸ ਹਾਂ? 
ਹੁਣ ਤੇਰੇ ਸਿਆਣੇ ਕਿੱਥੇ ਹਨ? ਉਹ ਤੈਨੂੰ ਦੱਸਣ ਅਤੇ ਉਹ ਜਾਣਨ, ਕਿ ਸੈਨਾਂ ਦੇ ਯਹੋਵਾਹ ਨੇ ਮਿਸਰ ਲਈ ਕੀ ਠਾਣਿਆ ਹੈ। 
ਸੋਆਨ ਦੇ ਹਾਕਮ ਮੂਰਖ ਬਣ ਗਏ, ਨੋਫ਼ ਸ਼ਹਿਰ ਦੇ ਆਗੂ ਧੋਖਾ ਖਾ ਗਏ, ਅਤੇ ਉਹ ਦੇ ਗੋਤਾਂ ਦੇ ਸਿਰੇ ਦੇ ਪੱਥਰਾਂ ਨੇ ਮਿਸਰ ਨੂੰ ਕੁਰਾਹੇ ਪਾਇਆ। 
ਯਹੋਵਾਹ ਨੇ ਉਹ ਦੇ ਅੰਦਰ ਟੇਢੀ ਰੂਹ ਰਲਾ ਦਿੱਤੀ, ਉਨ੍ਹਾਂ ਨੇ ਮਿਸਰ ਨੂੰ ਉਹ ਦੇ ਸਭ ਕੰਮਾਂ ਵਿੱਚ ਡਗਮਗਾ ਦਿੱਤਾ ਹੈ, ਜਿਵੇਂ ਸ਼ਰਾਬੀ ਆਪਣੀ ਕੈ ਨਾਲ ਡਗਮਗਾਉਂਦਾ ਹੈ। 
ਫੇਰ ਮਿਸਰ ਲਈ ਕੋਈ ਕੰਮ ਨਹੀਂ ਹੋਵੇਗਾ, ਜਿਹੜਾ ਸਿਰ ਜਾਂ ਪੂਛ, ਖਜ਼ੂਰ ਦੀ ਟਹਿਣੀ ਜਾਂ ਕਾਨਾ ਕਰ ਸਕੇ। 
ਉਸ ਦਿਨ ਮਿਸਰੀ ਔਰਤਾਂ ਵਾਂਗੂੰ ਹੋ ਜਾਣਗੇ ਅਤੇ ਉਹ ਸੈਨਾਂ ਦੇ ਯਹੋਵਾਹ ਦੇ ਹੱਥ ਹਿਲਾਉਣ ਨਾਲ ਜਿਹੜਾ ਉਹ ਉਹਨਾਂ ਉੱਤੇ ਹਿਲਾਉਂਦਾ ਹੈ ਡਰਨਗੇ ਅਤੇ ਕੰਬਣਗੇ। 
ਯਹੂਦਾਹ ਦਾ ਦੇਸ ਮਿਸਰੀਆਂ ਲਈ ਇੱਕ ਡਰਾਵਾ ਹੋਵੇਗਾ। ਐਥੋਂ ਤੱਕ ਕਿ ਹਰੇਕ ਜਿਹੜਾ ਇਸ ਗੱਲ ਨੂੰ ਸੁਣੇਗਾ, ਉਹ ਸੈਨਾਂ ਦੇ ਯਹੋਵਾਹ ਦੀ ਯੋਜਨਾ ਦੇ ਕਾਰਨ ਜਿਹੜੀ ਉਸ ਨੇ ਉਨ੍ਹਾਂ ਦੇ ਵਿਰੁੱਧ ਬਣਾਈ ਹੈ, ਡਰੇਗਾ। 
ਉਸ ਦਿਨ ਮਿਸਰ ਦੇਸ ਵਿੱਚ ਪੰਜ ਸ਼ਹਿਰ ਹੋਣਗੇ ਜਿਹੜੇ ਕਨਾਨ ਦੀ ਬੋਲੀ ਬੋਲਣਗੇ ਅਤੇ ਜਿਹੜੇ ਸੈਨਾਂ ਦੇ ਯਹੋਵਾਹ ਦੀ ਸਹੁੰ ਖਾਣਗੇ। ਉਨ੍ਹਾਂ ਵਿੱਚੋਂ ਇੱਕ “ਨਾਸ ਨਗਰ” ਅਖਵਾਏਗਾ। 
ਉਸ ਦਿਨ ਮਿਸਰ ਦੇ ਵਿਚਕਾਰ ਯਹੋਵਾਹ ਲਈ ਇੱਕ ਜਗਵੇਦੀ ਹੋਵੇਗੀ ਅਤੇ ਉਹ ਦੀ ਹੱਦ ਕੋਲ ਯਹੋਵਾਹ ਲਈ ਇੱਕ ਥੰਮ੍ਹ ਹੋਵੇਗਾ। 
ਉਹ ਮਿਸਰ ਦੇਸ ਵਿੱਚ ਸੈਨਾਂ ਦੇ ਯਹੋਵਾਹ ਲਈ ਇੱਕ ਨਿਸ਼ਾਨ ਅਤੇ ਇੱਕ ਗਵਾਹ ਹੋਵੇਗਾ। ਜਦ ਉਹ ਜ਼ਾਲਮਾਂ ਦੇ ਕਾਰਨ ਯਹੋਵਾਹ ਦੀ ਦੁਹਾਈ ਦੇਣਗੇ, ਤਦ ਉਹ ਉਨ੍ਹਾਂ ਦੇ ਲਈ ਇੱਕ ਬਚਾਉ, ਇੱਕ ਮਹਾਪੁਰਸ਼ ਭੇਜੇਗਾ ਅਤੇ ਉਹ ਉਨ੍ਹਾਂ ਨੂੰ ਛੁਡਾਵੇਗਾ। 
ਯਹੋਵਾਹ ਮਿਸਰੀਆਂ ਲਈ ਆਪ ਨੂੰ ਪਰਗਟ ਕਰੇਗਾ ਅਤੇ ਉਸ ਦਿਨ ਮਿਸਰੀ ਯਹੋਵਾਹ ਨੂੰ ਜਾਣਨਗੇ ਅਤੇ ਉਹ ਬਲੀਆਂ ਅਤੇ ਭੇਟਾਂ ਨਾਲ ਉਸ ਦੀ ਉਪਾਸਨਾ ਕਰਨਗੇ ਅਤੇ ਉਹ ਯਹੋਵਾਹ ਲਈ ਸੁੱਖਣਾ ਸੁੱਖਣਗੇ ਅਤੇ ਪੂਰੀਆਂ ਵੀ ਕਰਨਗੇ। 
ਅਤੇ ਯਹੋਵਾਹ ਮਿਸਰ ਦੇ ਲੋਕਾਂ ਨੂੰ ਮਾਰੇਗਾ, ਉਹੋ ਨਾਲੇ ਮਾਰੇਗਾ ਨਾਲੇ ਚੰਗਾ ਵੀ ਕਰੇਗਾ ਅਤੇ ਉਹ ਯਹੋਵਾਹ ਵੱਲ ਮੁੜਨਗੇ ਅਤੇ ਉਹ ਉਹਨਾਂ ਦੀ ਦੁਹਾਈ ਸੁਣੇਗਾ ਅਤੇ ਉਹਨਾਂ ਨੂੰ ਚੰਗਾ ਕਰੇਗਾ। 
ਉਸ ਦਿਨ ਮਿਸਰ ਤੋਂ ਅੱਸ਼ੂਰ ਤੱਕ ਇੱਕ ਸੜਕ ਹੋਵੇਗੀ ਅਤੇ ਅੱਸ਼ੂਰੀ ਮਿਸਰ ਵਿੱਚ ਅਤੇ ਮਿਸਰੀ ਅੱਸ਼ੂਰ ਵਿੱਚ ਜਾਣਗੇ ਅਤੇ ਮਿਸਰੀ ਅੱਸ਼ੂਰੀਆਂ ਨਾਲ ਮਿਲ ਕੇ ਭਗਤੀ ਕਰਨਗੇ। 
ਉਸ ਦਿਨ ਇਸਰਾਏਲ ਮਿਸਰ ਨਾਲ ਅਤੇ ਅੱਸ਼ੂਰ ਨਾਲ ਤੀਜਾ ਹੋਵੇਗਾ, ਅਰਥਾਤ ਧਰਤੀ ਦੇ ਵਿੱਚ ਇੱਕ ਬਰਕਤ। 
ਜਿਨ੍ਹਾਂ ਨੂੰ ਸੈਨਾਂ ਦੇ ਯਹੋਵਾਹ ਨੇ ਇਹ ਆਖ ਕੇ ਬਰਕਤ ਦਿੱਤੀ ਕਿ ਮਿਸਰ ਮੇਰੀ ਪਰਜਾ ਅਤੇ ਅੱਸ਼ੂਰ ਮੇਰੀ ਦਸਤਕਾਰੀ ਅਤੇ ਇਸਰਾਏਲ ਮੇਰੀ ਮਿਰਾਸ ਮੁਬਾਰਕ ਹੋਵੇ। 
