﻿ਕਹਾਉਤਾਂ.
14.
ਬੁੱਧਵਾਨ ਇਸਤਰੀ ਤਾਂ ਆਪਣਾ ਘਰ ਬਣਾਉਂਦੀ ਹੈ, ਪਰ ਮੂਰਖ ਆਪਣੇ ਹੱਥੀਂ ਹੀ ਉਹ ਨੂੰ ਢਾਹ ਦਿੰਦੀ ਹੈ। 
ਜਿਹੜਾ ਸਿੱਧੀ ਚਾਲ ਚੱਲਦਾ ਹੈ ਉਹ ਯਹੋਵਾਹ ਦਾ ਭੈਅ ਮੰਨਦਾ ਹੈ, ਪਰ ਜਿਹੜਾ ਟੇਢੀ ਚਾਲ ਚੱਲਦਾ ਹੈ, ਉਹ ਉਸ ਨੂੰ ਤੁੱਛ ਜਾਣਦਾ ਹੈ। 
ਮੂਰਖ ਦੇ ਮੂੰਹ ਵਿੱਚ ਹੰਕਾਰ ਦੀ ਲਾਠੀ ਹੈ, ਪਰ ਬੁੱਧਵਾਨਾਂ ਦੇ ਬੋਲ ਉਹਨਾਂ ਦੀ ਰੱਖਿਆ ਕਰਦੇ ਹਨ। 
ਜਿੱਥੇ ਬਲ਼ਦ ਨਹੀਂ ਉੱਥੇ ਖੁਰਲੀ ਸੁਥਰੀ ਰਹਿੰਦੀ ਹੈ, ਪਰ ਬਲ਼ਦ ਦੇ ਜ਼ੋਰ ਨਾਲ ਬਹੁਤਾ ਅਨਾਜ ਪੈਦਾ ਹੁੰਦਾ ਹੈ। 
ਵਫ਼ਾਦਾਰ ਗਵਾਹ ਝੂਠ ਨਹੀਂ ਬੋਲਦਾ, ਪਰ ਝੂਠਾ ਗਵਾਹ ਝੂਠ ਹੀ ਮਾਰਦਾ ਹੈ। 
ਠੱਠਾ ਕਰਨ ਵਾਲਾ ਬੁੱਧ ਨੂੰ ਭਾਲਦਾ ਹੈ ਪਰ ਉਹ ਉਸ ਨੂੰ ਨਹੀਂ ਲੱਭਦੀ, ਪਰੰਤੂ ਸਮਝ ਵਾਲੇ ਨੂੰ ਗਿਆਨ ਸਹਿਜ ਨਾਲ ਹੀ ਮਿਲ ਜਾਂਦਾ ਹੈ। 
ਮੂਰਖ ਤੋਂ ਦੂਰ ਹੋ ਜਾ, ਕਿਉਂ ਜੋ ਤੂੰ ਉਹ ਦੇ ਬੁੱਲ੍ਹਾਂ ਤੋਂ ਗਿਆਨ ਨਾ ਪਾਏਂਗਾ। 
ਸਿਆਣੇ ਦੀ ਬੁੱਧ ਆਪਣੇ ਰਾਹ ਨੂੰ ਸਮਝਣਾ ਹੈ, ਪਰ ਮੂਰਖ ਦੀ ਮੂਰਖਤਾਈ ਛਲ ਹੀ ਹੈ। 
ਮੂਰਖ ਪਾਪ ਕਰ ਕੇ ਹੱਸਦੇ ਹਨ, ਪਰ ਸਚਿਆਰਾਂ ਦੇ ਵਿਚਕਾਰ ਰਜ਼ਾਮੰਦੀ ਹੁੰਦੀ ਹੈ। 
ਮਨ ਆਪ ਹੀ ਆਪਣੀ ਕੁੜੱਤਣ ਜਾਣਦਾ ਹੈ, ਉਹ ਦੀ ਖੁਸ਼ੀ ਵਿੱਚ ਕੋਈ ਪਰਾਇਆ ਲੱਤ ਅੜਾ ਨਹੀਂ ਸਕਦਾ। 
ਦੁਸ਼ਟਾਂ ਦਾ ਘਰ ਉੱਜੜ ਜਾਵੇਗਾ, ਪਰ ਸਚਿਆਰਾਂ ਦਾ ਤੰਬੂ ਅਬਾਦ ਰਹੇਗਾ। 
ਅਜਿਹਾ ਰਾਹ ਵੀ ਹੈ ਜੋ ਮਨੁੱਖ ਨੂੰ ਸਿੱਧਾ ਜਾਪਦਾ ਹੈ, ਪਰ ਉਹ ਦੇ ਅੰਤ ਵਿੱਚ ਮੌਤ ਮਿਲਦੀ ਹੈ। 
ਹਾਸੇ ਵਿੱਚ ਵੀ ਦਿਲ ਉਦਾਸ ਰਹਿੰਦਾ ਹੈ, ਅਤੇ ਅਨੰਦ ਦੇ ਅੰਤ ਵਿੱਚ ਦੁੱਖ ਹੁੰਦਾ ਹੈ। 
ਜਿਸ ਦਾ ਮਨ ਪਰਮੇਸ਼ੁਰ ਵੱਲੋਂ ਮੁੜ ਜਾਂਦਾ ਹੈ, ਉਹ ਆਪਣੀ ਚਾਲ ਦਾ ਫਲ ਭੋਗਦਾ ਹੈ, ਪਰ ਭਲਾ ਮਨੁੱਖ ਆਪਣੇ ਆਪ ਵਿੱਚ ਤ੍ਰਿਪਤ ਰਹਿੰਦਾ ਹੈ। 
ਭੋਲਾ ਹਰੇਕ ਗੱਲ ਨੂੰ ਸੱਚ ਮੰਨਦਾ ਹੈ, ਪਰ ਸਿਆਣਾ ਸੋਚ ਸਮਝ ਕੇ ਚੱਲਦਾ ਹੈ। 
ਬੁੱਧਵਾਨ ਸੁਚੇਤ ਹੋ ਕੇ ਬੁਰਿਆਈ ਤੋਂ ਦੂਰ ਰਹਿੰਦਾ ਹੈ, ਪਰ ਮੂਰਖ ਢੀਠ ਹੋ ਕੇ ਨਿਡਰ ਰਹਿੰਦਾ ਹੈ। 
ਜਿਹੜਾ ਛੇਤੀ ਗੁੱਸੇ ਹੋ ਜਾਂਦਾ ਹੈ ਉਹ ਮੂਰਖਤਾਈ ਕਰਦਾ ਹੈ, ਅਤੇ ਬੁਰੇ ਮਤੇ ਪਕਾਉਣ ਵਾਲੇ ਨਾਲ ਵੈਰ ਕੀਤਾ ਜਾਂਦਾ ਹੈ। 
ਭੋਲਿਆਂ ਲੋਕਾਂ ਦੇ ਹਿੱਸੇ ਵਿੱਚ ਤਾਂ ਮੂਰਖਤਾਈ ਆਉਂਦੀ ਹੈ, ਪਰ ਸਿਆਣਿਆਂ ਦੇ ਸਿਰ ਉੱਤੇ ਗਿਆਨ ਦਾ ਮੁਕਟ ਰੱਖਿਆ ਜਾਂਦਾ ਹੈ। 
ਬੁਰੇ ਲੋਕ ਭਲਿਆਂ ਦੇ ਅੱਗੇ ਅਤੇ ਦੁਸ਼ਟ ਧਰਮੀਆਂ ਦੇ ਫਾਟਕਾਂ ਦੇ ਅੱਗੇ ਝੁਕਦੇ ਹਨ। 
ਕੰਗਾਲ ਦਾ ਗੁਆਂਢੀ ਵੀ ਉਸ ਤੋਂ ਘਿਰਣਾ ਕਰਦਾ ਹੈ, ਪਰ ਧਨਵਾਨ ਦੇ ਬਹੁਤ ਸਾਰੇ ਪ੍ਰੇਮੀ ਹੁੰਦੇ ਹਨ। 
ਜਿਹੜਾ ਆਪਣੇ ਗੁਆਂਢੀ ਨੂੰ ਤੁੱਛ ਜਾਣਦਾ ਹੈ ਉਹ ਪਾਪ ਕਰਦਾ ਹੈ, ਅਤੇ ਜੋ ਕੰਗਾਲਾਂ ਉੱਤੇ ਤਰਸ ਖਾਂਦਾ ਹੈ ਉਹ ਧੰਨ ਹੈ। 
ਜਿਹੜੇ ਬੁਰੀਆਂ ਜੁਗਤਾਂ ਕੱਢਦੇ ਹਨ ਭਲਾ, ਉਹ ਭੁੱਲ ਨਹੀਂ ਕਰਦੇ? ਪਰ ਜਿਹੜੇ ਭਲੀਆਂ ਜੁਗਤਾਂ ਕਰਦੇ ਹਨ ਉਨ੍ਹਾਂ ਨਾਲ ਦਯਾ ਅਤੇ ਸਚਿਆਈ ਹੁੰਦੀ ਹੈ। 
ਮਿਹਨਤ ਨਾਲ ਸਦਾ ਲਾਭ ਹੁੰਦਾ ਹੈ, ਪਰ ਬੁੱਲ੍ਹਾਂ ਦੀ ਬਕਵਾਸ ਨਾਲ ਥੁੜ ਹੀ ਰਹਿੰਦੀ ਹੈ। 
ਬੁੱਧਵਾਨਾਂ ਦਾ ਧਨ ਉਨ੍ਹਾਂ ਦਾ ਮੁਕਟ ਹੈ, ਪਰ ਮੂਰਖਾਂ ਦੀ ਮੂਰਖਤਾ ਨਿਰੀ ਮੂਰਖਤਾ ਹੀ ਹੈ। 
ਸੱਚਾ ਗਵਾਹ ਤਾਂ ਪ੍ਰਾਣਾਂ ਨੂੰ ਬਚਾ ਲੈਂਦਾ ਹੈ, ਪਰ ਧੋਖੇਬਾਜ਼ ਗਵਾਹ ਝੂਠ ਹੀ ਝੂਠ ਮਾਰਦਾ ਹੈ। 
ਯਹੋਵਾਹ ਦੇ ਭੈਅ ਮੰਨਣ ਵਿੱਚ ਪੱਕਾ ਭਰੋਸਾ ਹੈ, ਅਤੇ ਉਹ ਦੇ ਪੁੱਤਰਾਂ ਲਈ ਵੀ ਪਨਾਹ ਦਾ ਸਥਾਨ ਹੈ। 
ਯਹੋਵਾਹ ਦਾ ਭੈਅ ਜੀਵਨ ਦਾ ਸੋਤਾ ਹੈ, ਜੋ ਮੌਤ ਦੀ ਫਾਹੀ ਤੋਂ ਪਰੇ ਰੱਖਦਾ ਹੈ। 
ਪਰਜਾ ਦੇ ਵਾਧੇ ਨਾਲ ਰਾਜੇ ਦੀ ਸ਼ਾਨ ਹੁੰਦੀ ਹੈ, ਪਰ ਪਰਜਾ ਦੇ ਘੱਟਣ ਨਾਲ ਹਾਕਮ ਦੀ ਤਬਾਹੀ ਹੁੰਦੀ ਹੈ। 
ਜਿਹੜਾ ਛੇਤੀ ਕ੍ਰੋਧ ਨਹੀਂ ਕਰਦਾ ਉਹ ਵੱਡਾ ਸਮਝ ਵਾਲਾ ਹੈ, ਪਰ ਜਿਹੜਾ ਛੇਤੀ ਕ੍ਰੋਧ ਕਰਦਾ ਹੈ ਉਹ ਮੂਰਖਤਾਈ ਨੂੰ ਉੱਚਾ ਕਰਦਾ ਹੈ। 
ਸ਼ਾਂਤ ਮਨ ਸਰੀਰ ਦਾ ਜੀਵਨ ਹੈ, ਪਰ ਈਰਖਾ ਹੱਡੀਆਂ ਨੂੰ ਸਾੜ ਦਿੰਦੀ ਹੈ। 
ਜਿਹੜਾ ਗਰੀਬ ਉੱਤੇ ਹਨੇਰ ਕਰਦਾ ਹੈ, ਉਹ ਆਪਣੇ ਸਿਰਜਣਹਾਰ ਦੀ ਨਿੰਦਿਆ ਕਰਦਾ ਹੈ, ਪਰ ਜਿਹੜਾ ਕੰਗਾਲ ਉੱਤੇ ਦਯਾ ਕਰਦਾ ਹੈ ਉਹ ਉਸ ਦੀ ਮਹਿਮਾ ਕਰਦਾ ਹੈ। 
ਦੁਸ਼ਟ ਤਾਂ ਬੁਰਿਆਈ ਕਰਦਾ-ਕਰਦਾ ਨਾਸ ਹੋ ਜਾਂਦਾ ਹੈ, ਪਰ ਧਰਮੀ ਆਪਣੀ ਮੌਤ ਵਿੱਚ ਵੀ ਪਰਮੇਸ਼ੁਰ ਦੀ ਪਨਾਹ ਪਾਉਂਦਾ ਹੈ। 
ਸਮਝ ਵਾਲੇ ਦੇ ਮਨ ਵਿੱਚ ਬੁੱਧ ਵਾਸ ਕਰਦੀ ਹੈ, ਪਰ ਮੂਰਖ ਦੇ ਅੰਦਰ ਜੋ ਕੁਝ ਹੈ ਉਹ ਪ੍ਰਗਟ ਹੋ ਜਾਂਦਾ ਹੈ। 
ਧਾਰਮਿਕਤਾ ਕੌਮ ਦੀ ਤਰੱਕੀ ਕਰਦੀ ਹੈ, ਪਰ ਪਾਪ ਉੱਮਤਾਂ ਲਈ ਨਿਰਾਦਰ ਦਾ ਕਾਰਨ ਹੁੰਦਾ ਹੈ। 
ਬੁੱਧਵਾਨ ਨੌਕਰ ਤੋਂ ਰਾਜਾ ਪ੍ਰਸੰਨ ਹੁੰਦਾ ਹੈ, ਪਰ ਲੱਜਿਆਵਾਨ ਕਰਨ ਵਾਲੇ ਉੱਤੇ ਉਹ ਕ੍ਰੋਧਵਾਨ ਹੁੰਦਾ ਹੈ। 
