﻿ਕਹਾਉਤਾਂ.
13.
ਬੁੱਧਵਾਨ ਪੁੱਤਰ ਤਾਂ ਆਪਣੇ ਪਿਤਾ ਦੀ ਸਿੱਖਿਆ ਸੁਣਦਾ ਹੈ, ਪਰ ਠੱਠਾ ਕਰਨ ਵਾਲਾ ਤਾੜਨਾ ਨੂੰ ਨਹੀਂ ਸੁਣਦਾ। 
ਮਨੁੱਖ ਆਪਣੇ ਮੂੰਹ ਦੇ ਫਲ ਤੋਂ ਭਲਿਆਈ ਨੂੰ ਪ੍ਰਾਪਤ ਕਰਦਾ ਹੈ, ਪਰੰਤੂ ਵਿਸ਼ਵਾਸਘਾਤੀ ਦਾ ਪੇਟ ਜ਼ੁਲਮ ਨਾਲ ਭਰਦਾ ਹੈ। 
ਜੋ ਆਪਣੇ ਮੂੰਹ ਦੀ ਰਾਖੀ ਕਰਦਾ ਹੈ, ਉਹ ਆਪਣੀ ਜਾਨ ਦੀ ਰਾਖੀ ਕਰਦਾ ਹੈ, ਪਰ ਜੋ ਆਪਣੇ ਮੂੰਹ ਨੂੰ ਬੇਕਾਰ ਖੋਲਦਾ ਹੈ ਉਹ ਦੇ ਲਈ ਬਰਬਾਦੀ ਹੋਵੇਗੀ। 
ਆਲਸੀ ਦਾ ਜੀ ਲੋਚਦਾ ਤਾਂ ਹੈ, ਪਰ ਉਹ ਨੂੰ ਲੱਭਦਾ ਕੁਝ ਵੀ ਨਹੀਂ, ਪਰ ਉੱਦਮੀ ਦੀ ਜਾਨ ਰਿਸ਼ਟ-ਪੁਸ਼ਟ ਹੋ ਜਾਵੇਗੀ। 
ਧਰਮੀ ਨੂੰ ਝੂਠ ਤੋਂ ਨਫ਼ਰਤ ਆਉਂਦੀ ਹੈ, ਪਰ ਦੁਸ਼ਟ ਸ਼ਰਮ ਦਾ ਕਾਰਨ ਹੁੰਦਾ ਹੈ। 
ਜਿਹੜਾ ਸਿੱਧੀ ਚਾਲ ਚੱਲਦਾ ਹੈ, ਧਰਮ ਉਹ ਦੀ ਰੱਖਿਆ ਕਰਦਾ ਹੈ, ਪਰ ਪਾਪੀ ਆਪਣੀ ਦੁਸ਼ਟਤਾ ਦੇ ਕਾਰਨ ਉਲਟ ਜਾਂਦਾ ਹੈ। 
ਕੋਈ ਤਾਂ ਧਨ ਨੂੰ ਇਕੱਠਾ ਕਰਦਾ ਫਿਰਦਾ ਪਰ ਉਸ ਦੇ ਕੋਲ ਕੁਝ ਵੀ ਨਹੀਂ, ਅਤੇ ਕੋਈ ਕੰਗਾਲ ਬਣਿਆ ਫਿਰਦਾ ਹੈ ਪਰ ਉਹ ਦੇ ਕੋਲ ਬਹੁਤ ਧਨ ਹੈ। 
ਮਨੁੱਖ ਦੀ ਜਾਨ ਦਾ ਛੁਟਕਾਰਾ ਉਹ ਦਾ ਧਨ ਹੈ, ਪਰ ਗਰੀਬ ਅਜਿਹੀ ਧਮਕੀ ਨੂੰ ਸੁਣਦਾ ਹੀ ਨਹੀਂ। 
ਧਰਮੀ ਦੀ ਜੋਤ ਆਨੰਦ ਮਨਾਉਂਦੀ ਹੈ, ਪਰ ਦੁਸ਼ਟਾਂ ਦਾ ਦੀਵਾ ਬੁਝਾਇਆ ਜਾਵੇਗਾ। 
ਹੰਕਾਰ ਨਾਲ ਝਗੜੇ ਹੀ ਝਗੜੇ ਹੁੰਦੇ ਹਨ, ਪਰ ਜਿਹੜੇ ਸਲਾਹ ਨੂੰ ਮੰਨਦੇ ਹਨ ਉਹਨਾਂ ਦੇ ਕੋਲ ਸਮਝ ਹੈ। 
ਵਿਅਰਥ ਦਾ ਧਨ ਘੱਟ ਜਾਵੇਗਾ, ਪਰ ਮਿਹਨਤ ਦਾ ਧਨ ਵਧ ਜਾਵੇਗਾ। 
ਜਦ ਆਸ ਪੂਰੀ ਹੋਣ ਵਿੱਚ ਦੇਰੀ ਹੁੰਦੀ ਹੈ ਤਾਂ ਦਿਲ ਨੂੰ ਤੋੜਦੀ ਹੈ, ਪਰ ਆਸ ਦਾ ਪੂਰਾ ਹੋਣਾ ਜੀਵਨ ਦਾ ਰੁੱਖ ਹੈ। 
ਜਿਹੜਾ ਚੇਤਾਵਨੀ ਦੇ ਬਚਨ ਨੂੰ ਤੁੱਛ ਜਾਣਦਾ ਹੈ ਉਹ ਆਪਣਾ ਨਾਸ ਕਰਦਾ ਹੈ, ਪਰ ਜਿਹੜਾ ਹੁਕਮ ਦਾ ਭੈਅ ਮੰਨਦਾ ਹੈ ਉਹ ਨੂੰ ਚੰਗਾ ਫਲ ਮਿਲਦਾ ਹੈ। 
ਬੁੱਧਵਾਨ ਦੀ ਸਿੱਖਿਆ ਜੀਉਣ ਦਾ ਸੋਤਾ ਹੈ, ਜੋ ਮੌਤ ਦੀ ਫਾਹੀ ਤੋਂ ਪਰੇ ਰੱਖਦਾ ਹੈ। 
ਚੰਗੀ ਬੁੱਧ ਦੇ ਕਾਰਨ ਕਿਰਪਾ ਹੁੰਦੀ ਹੈ, ਪਰ ਵਿਸ਼ਵਾਸਘਾਤੀਆਂ ਦਾ ਰਾਹ ਮੁਸ਼ਕਿਲਾਂ ਨਾਲ ਭਰਿਆ ਰਹਿੰਦਾ ਹੈ। 
ਹਰ ਸਿਆਣਾ ਮਨੁੱਖ ਬੁੱਧ ਨਾਲ ਕੰਮ ਕਰਦਾ ਹੈ, ਪਰ ਮੂਰਖ ਆਪਣੀ ਮੂਰਖਤਾਈ ਨੂੰ ਫੈਲਾਉਂਦਾ ਫਿਰਦਾ ਹੈ। 
ਦੁਸ਼ਟ ਸੰਦੇਸ਼ਵਾਹਕ ਬਿਪਤਾ ਵਿੱਚ ਡਿੱਗਦਾ ਹੈ, ਪਰ ਵਫ਼ਾਦਾਰ ਸੰਦੇਸ਼ਵਾਹਕ ਚੰਗਾ ਕਰਦਾ ਹੈ। 
ਜਿਹੜਾ ਸਿੱਖਿਆ ਨੂੰ ਨਹੀਂ ਮੰਨਦਾ ਉਹ ਕੰਗਾਲ ਤੇ ਸ਼ਰਮਿੰਦਾ ਹੋਵੇਗਾ, ਪਰ ਜੋ ਤਾੜਨਾ ਵੱਲ ਮਨ ਲਗਾਉਂਦਾ ਹੈ, ਉਸ ਦਾ ਆਦਰ ਹੋਵੇਗਾ। 
ਜਦ ਇੱਛਿਆ ਪੂਰੀ ਹੁੰਦੀ ਹੈ ਤਾਂ ਜੀਅ ਨੂੰ ਮਿੱਠਾ ਲੱਗਦਾ ਹੈ, ਪਰ ਬੁਰਿਆਈ ਨੂੰ ਛੱਡਣਾ ਮੂਰਖ ਨੂੰ ਬੁਰਾ ਲੱਗਦਾ ਹੈ। 
ਬੁੱਧਵਾਨਾਂ ਦਾ ਸਾਥੀ ਬੁੱਧਵਾਨ ਬਣ ਜਾਂਦਾ ਹੈ, ਪਰ ਮੂਰਖਾਂ ਦੇ ਸਾਥੀਆਂ ਨੂੰ ਦੁੱਖ ਹੋਵੇਗਾ। 
ਬਿਪਤਾ ਪਾਪੀਆਂ ਦੇ ਪਿੱਛੇ ਪੈਂਦੀ ਹੈ, ਪਰ ਧਰਮੀਆਂ ਨੂੰ ਚੰਗਾ ਫਲ ਮਿਲੇਗਾ। 
ਭਲਾ ਮਨੁੱਖ ਆਪਣੇ ਪੋਤਰਿਆਂ ਲਈ ਵੀ ਮਿਰਾਸ ਛੱਡ ਜਾਂਦਾ ਹੈ, ਪਰ ਪਾਪੀ ਦਾ ਮਾਲ ਧੰਨ ਧਰਮੀ ਲਈ ਜੁੜਦਾ ਹੈ। 
ਗਰੀਬ ਦੀ ਪੈਲੀ ਵਿੱਚ ਢੇਰ ਸਾਰਾ ਅਹਾਰ ਪੈਦਾ ਹੁੰਦਾ ਹੈ, ਪਰ ਅਜਿਹਾ ਵੀ ਹੈ ਜੋ ਕੁਨਿਆਂ ਦੇ ਕਾਰਨ ਉੱਜੜ ਜਾਂਦਾ ਹੈ। 
ਜਿਹੜਾ ਪੁੱਤਰ ਉੱਤੇ ਸੋਟੀ ਨਹੀਂ ਚਲਾਉਂਦਾ ਉਹ ਉਸ ਦਾ ਵੈਰੀ ਹੈ, ਪਰ ਜਿਹੜਾ ਉਸ ਦੇ ਨਾਲ ਪਿਆਰ ਕਰਦਾ ਹੈ ਉਹ ਵੇਲੇ ਸਿਰ ਉਸ ਨੂੰ ਤਾੜਦਾ ਹੈ। 
ਧਰਮੀ ਤਾਂ ਰੱਜ ਕੇ ਖਾਂਦਾ ਹੈ, ਪਰ ਦੁਸ਼ਟਾਂ ਦਾ ਢਿੱਡ ਨਹੀਂ ਭਰਦਾ। 
