﻿ਕਹਾਉਤਾਂ.
4.
ਹੇ ਮੇਰੇ ਪੁੱਤਰੋ, ਤੁਸੀਂ ਪਿਤਾ ਦਾ ਉਪਦੇਸ਼ ਸੁਣੋ ਅਤੇ ਸਮਝ ਪ੍ਰਾਪਤ ਕਰਨ ਉੱਤੇ ਮਨ ਲਾਓ, 
ਕਿਉਂ ਜੋ ਮੈਂ ਤੁਹਾਨੂੰ ਚੰਗੀ ਸਿੱਖਿਆ ਦਿੰਦਾ ਹਾਂ, ਤੁਸੀਂ ਮੇਰੀ ਸਿੱਖਿਆ ਨੂੰ ਨਾ ਛੱਡੋ। 
ਜਦ ਮੈਂ ਆਪਣੇ ਪਿਤਾ ਦਾ ਪੁੱਤਰ ਅਤੇ ਆਪਣੀ ਮਾਂ ਦਾ ਇਕੱਲਾ ਹੀ ਲਾਡਲਾ ਸੀ, 
ਤਦ ਉਸ ਨੇ ਮੈਨੂੰ ਸਿਖਾਇਆ ਤੇ ਇਹ ਆਖਿਆ, ਤੇਰਾ ਮਨ ਮੇਰੀਆਂ ਗੱਲਾਂ ਨੂੰ ਫੜ੍ਹੀ ਰੱਖੇ, ਤੂੰ ਮੇਰੇ ਹੁਕਮਾਂ ਨੂੰ ਮੰਨ, ਤਾਂ ਤੂੰ ਜੀਵੇਂਗਾ। 
ਬੁੱਧ ਨੂੰ ਪ੍ਰਾਪਤ ਕਰ, ਸਮਝ ਨੂੰ ਵੀ ਪ੍ਰਾਪਤ ਕਰ, ਮੇਰੇ ਬਚਨਾਂ ਨੂੰ ਨਾ ਭੁਲਾਈਂ ਅਤੇ ਨਾ ਉਨ੍ਹਾਂ ਤੋਂ ਮੁੜੀਂ। 
ਉਹ ਨੂੰ ਨਾ ਛੱਡੀਂ ਤਾਂ ਉਹ ਤੇਰੀ ਰੱਖਿਆ ਕਰੇਗੀ, ਉਹ ਦੇ ਨਾਲ ਪ੍ਰੀਤ ਲਾਵੀਂ ਤਾਂ ਉਹ ਤੇਰੀ ਰਾਖੀ ਕਰੇਗੀ। 
ਬੁੱਧ ਦਾ ਮੁੱਢ ਇਹ ਹੈ ਭਈ ਬੁੱਧ ਨੂੰ ਪ੍ਰਾਪਤ ਕਰ ਅਤੇ ਆਪਣੇ ਸਾਰੇ ਜਤਨ ਨਾਲ ਸਮਝ ਨੂੰ ਪ੍ਰਾਪਤ ਕਰ। 
ਉਹ ਦੀ ਵਡਿਆਈ ਕਰ ਤਾਂ ਉਹ ਤੈਨੂੰ ਵਧਾਵੇਗੀ, ਜੇ ਤੂੰ ਉਹ ਨੂੰ ਗਲ਼ ਲਾਵੇਂ ਤਾਂ ਉਹ ਤੈਨੂੰ ਆਦਰ ਦੇਵੇਗੀ। 
ਉਹ ਤੇਰੇ ਸਿਰ ਉੱਤੇ ਸ਼ਿੰਗਾਰ ਦਾ ਸਿਹਰਾ ਬੰਨ੍ਹੇਗੀ, ਉਹ ਤੈਨੂੰ ਸੁਹੱਪਣ ਦਾ ਮੁਕਟ ਦੇਵੇਗੀ। 
ਹੇ ਮੇਰੇ ਪੁੱਤਰ, ਸੁਣ ਅਤੇ ਮੇਰੀਆਂ ਗੱਲਾਂ ਨੂੰ ਮੰਨ, ਤਾਂ ਤੇਰੀ ਉਮਰ ਬਹੁਤ ਲੰਮੀ ਹੋਵੇਗੀ। 
ਮੈਂ ਤੈਨੂੰ ਬੁੱਧ ਦਾ ਰਾਹ ਦੱਸਿਆ ਹੈ, ਮੈਂ ਸਿੱਧੇ ਮਾਰਗ ਉੱਤੇ ਤੇਰੀ ਅਗਵਾਈ ਕੀਤੀ ਹੈ। 
ਜਦ ਤੂੰ ਤੁਰੇਂਗਾ ਤਾਂ ਤੇਰੇ ਰਾਹਾਂ ਵਿੱਚ ਕੋਈ ਰੁਕਾਵਟ ਨਾ ਹੋਵੇਗੀ ਅਤੇ ਜੇ ਤੂੰ ਭੱਜੇਂ ਤਾਂ ਵੀ ਤੂੰ ਠੇਡਾ ਨਾ ਖਾਵੇਂਗਾ। 
ਸਿੱਖਿਆ ਨੂੰ ਫੜੀ ਰੱਖ, ਉਹ ਨੂੰ ਛੱਡੀਂ ਨਾ, ਉਹ ਨੂੰ ਸਾਂਭ ਕੇ ਰੱਖ, ਉਹੋ ਤੇਰਾ ਜੀਵਨ ਹੈ! 
ਦੁਸ਼ਟਾਂ ਦੇ ਰਾਹ ਵਿੱਚ ਨਾ ਚੱਲ ਅਤੇ ਬੁਰਿਆਰਾਂ ਦੇ ਮਾਰਗ ਉੱਤੇ ਨਾ ਤੁਰ। 
ਉਸ ਤੋਂ ਦੂਰ ਰਹਿ, ਉਹ ਦੇ ਕੋਲੋਂ ਦੀ ਵੀ ਨਾ ਲੰਘੀਂ, ਉਸ ਤੋਂ ਮੂੰਹ ਮੋੜ ਕੇ ਅਗਾਹਾਂ ਨੂੰ ਲੰਘ ਜਾ, 
ਕਿਉਂ ਜੋ ਜਦੋਂ ਤੱਕ ਉਹ ਬੁਰਿਆਈ ਨਾ ਕਰ ਲੈਣ, ਉਨ੍ਹਾਂ ਨੂੰ ਨੀਂਦ ਨਹੀਂ ਆਉਂਦੀ ਅਤੇ ਜਦ ਤੱਕ ਉਹ ਕਿਸੇ ਦੇ ਲਈ ਠੋਕਰ ਦਾ ਕਾਰਨ ਨਾ ਬਣਨ, ਉਹ ਉਣੀਂਦਰੇ ਰਹਿੰਦੇ ਹਨ। 
ਉਹ ਬੁਰਿਆਈ ਦੀ ਰੋਟੀ ਖਾਂਦੇ ਅਤੇ ਜ਼ੁਲਮ ਦੀ ਮਧ ਪੀਂਦੇ ਹਨ। 
ਪਰ ਧਰਮੀਆਂ ਦਾ ਰਾਹ ਫ਼ਜ਼ਰ ਦੇ ਚਾਨਣ ਵਰਗਾ ਹੈ, ਜਿਸ ਦਾ ਚਾਨਣ ਦੁਪਹਿਰ ਤੱਕ ਵੱਧਦਾ ਹੀ ਜਾਂਦਾ ਹੈ। 
ਦੁਸ਼ਟਾਂ ਦਾ ਰਾਹ ਘੁੱਪ ਹਨੇਰ ਵਰਗਾ ਹੈ, ਉਹ ਜਾਣਦੇ ਵੀ ਨਹੀਂ ਕੀ ਉਹਨਾਂ ਨੂੰ ਕਿਸ ਤੋਂ ਠੋਕਰ ਲੱਗਦੀ ਹੈ। 
ਹੇ ਮੇਰੇ ਪੁੱਤਰ, ਤੂੰ ਮੇਰੀਆਂ ਗੱਲਾਂ ਧਿਆਨ ਨਾਲ ਸੁਣ ਅਤੇ ਮੇਰੇ ਬਚਨਾਂ ਉੱਤੇ ਕੰਨ ਲਾ। 
ਉਹਨਾਂ ਨੂੰ ਆਪਣੀਆਂ ਅੱਖੀਆਂ ਤੋਂ ਓਹਲੇ ਨਾ ਹੋਣ ਦੇ, ਆਪਣੇ ਮਨ ਵਿੱਚ ਉਹਨਾਂ ਨੂੰ ਸੰਭਾਲ ਕੇ ਰੱਖ। 
ਜਿਨ੍ਹਾਂ ਨੂੰ ਉਹ ਪ੍ਰਾਪਤ ਹੁੰਦੀਆਂ ਹਨ, ਉਨ੍ਹਾਂ ਦੇ ਲਈ ਜੀਵਨ ਅਤੇ ਉਨ੍ਹਾਂ ਦੇ ਸਾਰੇ ਸਰੀਰ ਦੇ ਲਈ ਤੰਦਰੁਸਤੀ ਹਨ। 
ਆਪਣੇ ਮਨ ਦੀ ਵੱਡੀ ਚੌਕਸੀ ਕਰ, ਕਿਉਂ ਜੋ ਜੀਵਨ ਦੀਆਂ ਧਾਰਾਂ ਓਸੇ ਤੋਂ ਨਿੱਕਲਦੀਆਂ ਹਨ! 
ਪੁੱਠੀਆਂ ਗੱਲਾਂ ਆਪਣੇ ਮੂੰਹ ਤੋਂ ਅਤੇ ਟੇਢੀ ਬੋਲੀ ਆਪਣੇ ਬੁੱਲ੍ਹਾਂ ਤੋਂ ਦੂਰ ਰੱਖ। 
ਤੇਰੀਆਂ ਅੱਖਾਂ ਸਾਹਮਣੇ ਵੱਲ ਹੀ ਵੇਖਦੀਆਂ ਰਹਿਣ ਅਤੇ ਤੇਰੀਆਂ ਪਲਕਾਂ ਅੱਗੇ ਨੂੰ ਲੱਗੀਆਂ ਰਹਿਣ। 
ਆਪਣੇ ਪੈਰਾਂ ਲਈ ਰਾਹ ਨੂੰ ਪੱਧਰਾ ਕਰ, ਤਾਂ ਤੇਰੇ ਸਾਰੇ ਮਾਰਗ ਕਾਇਮ ਹੋਣਗੇ। 
ਨਾ ਸੱਜੇ ਨੂੰ ਮੁੜ ਅਤੇ ਨਾ ਖੱਬੇ ਨੂੰ, ਆਪਣੇ ਪੈਰ ਨੂੰ ਬੁਰਿਆਈ ਤੋਂ ਦੂਰ ਰੱਖ। 
