﻿ਜ਼ਬੂਰ.
91.
ਜਿਹੜਾ ਅੱਤ ਮਹਾਨ ਦੀ ਓਟ ਵਿੱਚ ਵੱਸਦਾ ਹੈ, ਉਹ ਸਰਬ ਸ਼ਕਤੀਮਾਨ ਦੇ ਸਾਯੇ ਹੇਠ ਟਿਕੇਗਾ। 
ਮੈਂ ਯਹੋਵਾਹ ਦੇ ਵਿਖੇ ਆਖਾਂਗਾ, ਕਿ ਉਹ ਮੇਰੀ ਪਨਾਹ ਅਤੇ ਮੇਰਾ ਗੜ੍ਹ ਹੈ, ਮੇਰਾ ਪਰਮੇਸ਼ੁਰ ਜਿਹ ਦੇ ਉੱਤੇ ਮੈਂ ਭਰੋਸਾ ਰੱਖਦਾ ਹਾਂ। 
ਉਹ ਤਾਂ ਤੈਨੂੰ ਫਾਂਧੀ ਦੀ ਫਾਹੀ ਵਿੱਚੋਂ ਅਤੇ ਘਾਤਕ ਮਰੀ ਤੋਂ ਛੁਟਕਾਰਾ ਦੇਵੇਗਾ। 
ਉਹ ਆਪਣੇ ਖੰਭਾਂ ਨਾਲ ਤੈਨੂੰ ਢੱਕ ਲਵੇਗਾ, ਅਤੇ ਉਹ ਦੇ ਪਰਾਂ ਹੇਠ ਤੂੰ ਪਨਾਹ ਲਵੇਂਗਾ, ਉਹ ਦੀ ਸਚਿਆਈ ਇੱਕ ਢਾਲ਼ ਅਤੇ ਫਰੀ ਹੈ। 
ਤੂੰ ਰਾਤ ਦੇ ਭੈਜਲ ਤੋਂ ਨਾ ਡਰੇਂਗਾ, ਨਾ ਦਿਨ ਦੇ ਉੱਡਦੇ ਤੀਰ ਤੋਂ, 
ਨਾ ਉਸ ਮਰੀ ਤੋਂ ਜਿਹੜੀ ਅਨ੍ਹੇਰੇ ਵਿੱਚ ਚੱਲਦੀ ਹੈ, ਨਾ ਉਸ ਤਬਾਹੀ ਤੋਂ ਜਿਹੜੀ ਦੁਪਹਿਰ ਨੂੰ ਉਜਾੜ ਦੀ ਹੈ। 
ਤੇਰੇ ਮੁੱਢ ਹਜ਼ਾਰ ਅਤੇ ਤੇਰੇ ਸੱਜੇ ਹੱਥ ਦਸ ਹਜ਼ਾਰ ਡਿੱਗਣਗੇ, ਪਰ ਉਹ ਤੇਰੇ ਨੇੜੇ ਨਾ ਆਵੇਗੀ। 
ਕੇਵਲ ਤੂੰ ਆਪਣੀਆਂ ਅੱਖਾਂ ਨਾਲ ਨਿਗਾਹ ਕਰੇਂਗਾ, ਅਤੇ ਦੁਸ਼ਟਾਂ ਦਾ ਬਦਲਾ ਵੇਖੇਂਗਾ। 
ਹੇ ਯਹੋਵਾਹ, ਤੂੰ ਤਾਂ ਮੇਰੀ ਪਨਾਹਗਾਰ ਹੈਂ, ਤੂੰ ਅੱਤ ਮਹਾਨ ਨੂੰ ਆਪਣੀ ਵੱਸੋਂ ਕਰ ਲਿਆ ਹੈ। 
ਤੇਰੇ ਉੱਤੇ ਕੋਈ ਬੁਰਿਆਈ ਨਹੀਂ ਪਵੇਗੀ, ਨਾ ਕੋਈ ਬਵਾ ਤੇਰੇ ਡੇਰੇ ਕੋਲ ਪਹੁੰਚੇਗੀ। 
ਉਹ ਤਾਂ ਆਪਣੇ ਦੂਤਾਂ ਨੂੰ ਤੇਰੇ ਲਈ ਹੁਕਮ ਦੇਵੇਗਾ, ਕਿ ਤੇਰਿਆਂ ਸਾਰਿਆਂ ਰਾਹਾਂ ਵਿੱਚ ਤੇਰੀ ਰੱਖਿਆ ਕਰਨ। 
ਓਹ ਤੈਨੂੰ ਹੱਥਾਂ ਉੱਤੇ ਚੁੱਕ ਲੈਣਗੇ, ਮਤੇ ਪੱਥਰ ਨਾਲ ਤੇਰੇ ਪੈਰ ਨੂੰ ਸੱਟ ਲੱਗੇ। 
ਤੂੰ ਸ਼ੇਰ ਅਤੇ ਸੱਪ ਨੂੰ ਮਿੱਧੇਂਗਾ, ਤੂੰ ਜੁਆਨ ਸ਼ੇਰ ਅਤੇ ਨਾਗ ਨੂੰ ਲਤਾੜੇਂਗਾ। 
ਉਸ ਨੇ ਤਾਂ ਮੇਰੇ ਨਾਲ ਪ੍ਰੀਤ ਲਾਈ ਹੈ, ਸੋ ਮੈਂ ਉਹ ਨੂੰ ਛੁਡਾਵਾਂਗਾ, ਮੈਂ ਉਹ ਨੂੰ ਉੱਚਾ ਕਰਾਂਗਾ, ਉਹ ਨੇ ਮੇਰਾ ਨਾਮ ਜੋ ਜਾਣਿਆ ਹੈ। 
ਉਹ ਮੈਨੂੰ ਪੁਕਾਰੇਗਾ ਅਤੇ ਮੈਂ ਉਹ ਨੂੰ ਉੱਤਰ ਦਿਆਂਗਾ, ਦੁੱਖ ਵਿੱਚ ਮੈਂ ਉਹ ਦੇ ਅੰਗ-ਸੰਗ ਹੋਵਾਂਗਾ, ਮੈਂ ਉਹ ਨੂੰ ਛੁਡਾਵਾਂਗਾ ਅਤੇ ਉਹ ਨੂੰ ਆਦਰ ਦਿਆਂਗਾ, 
ਆਰਜਾ ਦੇ ਵਾਧੇ ਨਾਲ ਮੈਂ ਉਹ ਦੀ ਨਿਸ਼ਾ ਕਰਾਂਗਾ, ਅਤੇ ਉਹ ਨੂੰ ਆਪਣੀ ਮੁਕਤੀ ਵਿਖਾਵਾਂਗਾ। 
