﻿ਜ਼ਬੂਰ.
37.
ਦਾਊਦ ਦਾ ਭਜਨ। ਬੁਰਿਆਂ ਦੇ ਕਾਰਨ ਨਾ ਕੁੜ੍ਹ, ਕੁਕਰਮੀਆਂ ਵੱਲੋਂ ਨਾ ਸੜ। 
ਓਹ ਤਾਂ ਘਾਹ ਵਾਂਗੂੰ ਛੇਤੀ ਕੁਮਲਾ ਜਾਣਗੇ, ਅਤੇ ਸਾਗ ਪੱਤ ਵਾਂਗੂੰ ਮੁਰਝਾ ਜਾਣਗੇ। 
ਯਹੋਵਾਹ ਉੱਤੇ ਭਰੋਸਾ ਰੱਖ ਅਤੇ ਭਲਿਆਈ ਕਰ ਦੇਸ ਵਿੱਚ ਵੱਸ ਅਤੇ ਸਚਿਆਈ ਉੱਤੇ ਪਲ। 
ਤੂੰ ਯਹੋਵਾਹ ਵਿੱਚ ਨਿਹਾਲ ਰਹਿ, ਤਾਂ ਉਹ ਤੇਰੇ ਮਨੋਰਥਾਂ ਨੂੰ ਪੂਰਿਆਂ ਕਰੇਗਾ। 
ਆਪਣਾ ਰਾਹ ਯਹੋਵਾਹ ਦੇ ਵੱਸ ਵਿੱਚ ਕਰ, ਅਤੇ ਉਸ ਉੱਤੇ ਭਰੋਸਾ ਰੱਖ ਅਤੇ ਉਹ ਪੂਰਿਆਂ ਕਰੇਗਾ। 
ਉਹ ਤੇਰੇ ਧਰਮ ਨੂੰ ਚਾਨਣ ਵਾਂਗੂੰ ਅਤੇ ਤੇਰੇ ਨਿਆਂ ਨੂੰ ਦੁਪਹਿਰ ਵਾਂਗੂੰ ਪ੍ਰਕਾਸ਼ਮਾਨ ਕਰੇਗਾ। 
ਯਹੋਵਾਹ ਦੇ ਅੱਗੇ ਚੁੱਪ-ਚਾਪ ਰਹਿ ਅਤੇ ਧੀਰਜ ਨਾਲ ਉਹ ਦੀ ਉਡੀਕ ਰੱਖ, ਉਸ ਮਨੁੱਖ ਦੇ ਕਾਰਨ ਨਾ ਕੁੜ੍ਹ ਜਿਹ ਦਾ ਰਾਹ ਸਫ਼ਲ ਹੁੰਦਾ ਹੈ, ਅਤੇ ਜਿਹੜਾ ਜੁਗਤਾਂ ਨੂੰ ਪੂਰਿਆਂ ਕਰਾਉਂਦਾ ਹੈ। 
ਕ੍ਰੋਧ ਨੂੰ ਛੱਡ ਅਤੇ ਕੋਪ ਨੂੰ ਤਿਆਗ ਦੇ, ਨਾ ਕੁੜ੍ਹ - ਉਸ ਤੋਂ ਬੁਰਿਆਈ ਹੀ ਨਿੱਕਲਦੀ ਹੈ 
ਕੁਕਰਮੀ ਤਾਂ ਕੱਢ ਦਿੱਤੇ ਜਾਣਗੇ, ਪਰ ਜਿਹੜੇ ਯਹੋਵਾਹ ਨੂੰ ਉਡੀਕਦੇ ਹਨ ਉਹ ਧਰਤੀ ਦੇ ਵਾਰਿਸ ਹੋਣਗੇ। 
ਹੁਣ ਥੋੜਾ ਹੀ ਚਿਰ ਰਹਿੰਦਾ ਹੈ ਕਿ ਦੁਸ਼ਟ ਨਹੀਂ ਹੋਵੇਗਾ, ਤੂੰ ਉਸ ਦੇ ਨਿਵਾਸ ਨੂੰ ਧਿਆਨ ਨਾਲ ਵੇਖੇਂਗਾ, ਪਰ ਉਹ ਕਿਤੇ ਨਾ ਹੋਵੇਗਾ। 
ਪਰ ਹਲੀਮ ਧਰਤੀ ਦੇ ਵਾਰਿਸ ਹੋਣਗੇ, ਅਤੇ ਬਹੁਤੇ ਸੁੱਖ ਕਰਕੇ ਆਪਣੇ ਆਪ ਨੂੰ ਨਿਹਾਲ ਕਰਨਗੇ। 
ਦੁਸ਼ਟ ਧਰਮੀ ਦੇ ਵਿਰੁੱਧ ਮਤਾ ਪਕਾਉਂਦਾ ਹੈ, ਅਤੇ ਉਹ ਦੇ ਉੱਤੇ ਆਪਣੇ ਦੰਦ ਕਰੀਚਦਾ ਹੈ। 
ਪ੍ਰਭੂ ਦੁਸ਼ਟ ਦੇ ਉੱਤੇ ਹੱਸੇਗਾ, ਕਿਉਂ ਜੋ ਵੇਖਦਾ ਹੈ ਕਿ ਨਿਆਂ ਦਾ ਦਿਨ ਆਉਂਦਾ ਪਿਆ ਹੈ। 
ਦੁਸ਼ਟਾਂ ਨੇ ਤਲਵਾਰ ਧੂਹੀ ਅਤੇ ਆਪਣਾ ਧਣੁੱਖ ਖਿੱਚਿਆ ਹੈ ਤਾਂ ਜੋ ਮਸਕੀਨ ਤੇ ਕੰਗਾਲ ਨੂੰ ਡੇਗ ਦੇਣ, ਅਤੇ ਸਿੱਧੇ ਚਾਲ-ਚੱਲਣ ਵਾਲਿਆਂ ਨੂੰ ਜਾਨੋਂ ਮਾਰ ਸੁੱਟਣ। 
ਉਨ੍ਹਾਂ ਦੀ ਤਲਵਾਰ ਉਨ੍ਹਾਂ ਹੀ ਦੇ ਦਿਲਾਂ ਵਿੱਚ ਧੱਸੇਗੀ, ਅਤੇ ਉਨ੍ਹਾਂ ਦੇ ਧਣੁੱਖ ਭੰਨੇ ਜਾਣਗੇ। 
ਧਰਮੀ ਦਾ ਥੋੜਾ ਕਈਆਂ ਦੁਸ਼ਟਾਂ ਦੇ ਬਹੁਤੇ ਨਾਲੋਂ ਵੀ ਚੰਗਾ ਹੈ। 
ਦੁਸ਼ਟਾਂ ਦੀਆਂ ਬਾਹਾਂ ਤਾਂ ਭੰਨੀਆਂ ਜਾਣਗੀਆਂ, ਪਰ ਧਰਮੀਆਂ ਨੂੰ ਯਹੋਵਾਹ ਸੰਭਾਲਦਾ ਹੈ। 
ਯਹੋਵਾਹ ਖਰੇ ਲੋਕਾਂ ਦੇ ਦਿਨ ਜਾਣਦਾ ਹੈ, ਅਤੇ ਉਨ੍ਹਾਂ ਦਾ ਅਧਿਕਾਰ ਸਦਾ ਤੱਕ ਰਹੇਗਾ। 
ਉਹ ਬੁਰੇ ਸਮੇਂ ਦੇ ਵਿੱਚ ਸ਼ਰਮਿੰਦੇ ਨਾ ਹੋਣਗੇ, ਅਤੇ ਕਾਲ ਦੇ ਦਿਨਾਂ ਵਿੱਚ ਓਹ ਰੱਜ ਕੇ ਖਾਣਗੇ। 
ਦੁਸ਼ਟ ਨਾਸ ਹੋ ਜਾਣਗੇ, ਅਤੇ ਯਹੋਵਾਹ ਦੇ ਵੈਰੀ ਮੈਦਾਨ ਦੀ ਘਾਹ ਵਰਗੇ ਹੋਣਗੇ, ਉਹ ਮਿਟ ਜਾਣਗੇ ਸਗੋਂ ਧੂੰਏਂ ਵਾਂਗੂੰ ਮਿਟ ਜਾਣਗੇ। 
ਦੁਸ਼ਟ ਉਧਾਰ ਲੈਂਦਾ ਹੈ ਅਤੇ ਮੋੜਦਾ ਨਹੀਂ, ਪਰ ਧਰਮੀ ਦਯਾ ਕਰਦਾ ਅਤੇ ਦਿੰਦਾ ਹੈ। 
ਯਹੋਵਾਹ ਦੇ ਮੁਬਾਰਕ ਲੋਕ ਧਰਤੀ ਦੇ ਵਾਰਿਸ ਹੋਣਗੇ, ਪਰ ਉਹ ਦੇ ਸਰਾਪੀ ਕੱਢ ਦਿੱਤੇ ਜਾਣਗੇ। 
ਮਨੁੱਖ ਦੀ ਚਾਲ ਯਹੋਵਾਹ ਵੱਲੋਂ ਦ੍ਰਿੜ੍ਹ ਹੁੰਦੀ ਹੈ, ਅਤੇ ਉਸ ਦੇ ਰਾਹ ਤੋਂ ਉਹ ਪਰਸੰਨ ਰਹਿੰਦਾ ਹੈ। 
ਭਾਵੇਂ ਉਹ ਡਿੱਗ ਵੀ ਪਵੇ ਪਰ ਡਿੱਗਿਆ ਨਹੀਂ ਰਹੇਗਾ, ਕਿਉਂ ਜੋ ਯਹੋਵਾਹ ਉਸਦਾ ਹੱਥ ਸੰਭਾਲਦਾ ਹੈ। 
ਮੈਂ ਜੁਆਨ ਸੀ ਅਤੇ ਹੁਣ ਬੁੱਢਾ ਹੋ ਗਿਆ ਹਾਂ, ਪਰ ਮੈਂ ਨਾ ਧਰਮੀ ਨੂੰ ਤਿਆਗਿਆ ਹੋਇਆ, ਨਾ ਉਹ ਦੀ ਅੰਸ ਨੂੰ ਟੁੱਕੜੇ ਮੰਗਦਿਆਂ ਵੇਖਿਆ ਹੈ। 
ਉਹ ਸਾਰਾ ਦਿਨ ਦਯਾ ਕਰਦਾ ਅਤੇ ਉਧਾਰ ਦਿੰਦਾ ਹੈ, ਉਸ ਦੀ ਅੰਸ ਮੁਬਾਰਕ ਹੈ। 
ਬੁਰਿਆਈ ਤੋਂ ਹਟ, ਭਲਿਆਈ ਕਰ, ਅਤੇ ਸਦਾ ਤੱਕ ਵੱਸ। 
ਯਹੋਵਾਹ ਤਾਂ ਨਿਆਂ ਨਾਲ ਪ੍ਰੇਮ ਰੱਖਦਾ ਹੈ, ਅਤੇ ਆਪਣੇ ਭਗਤਾਂ ਨੂੰ ਤਿਆਗਦਾ ਨਹੀਂ, ਉਨ੍ਹਾਂ ਦੀ ਸਦਾ ਤੱਕ ਰੱਖਿਆ ਹੁੰਦੀ ਹੈ, ਪਰ ਦੁਸ਼ਟਾਂ ਦੀ ਅੰਸ ਛੇਕੀ ਜਾਵੇਗੀ। 
ਧਰਮੀ ਧਰਤੀ ਦੇ ਵਾਰਿਸ ਹੋਣਗੇ, ਅਤੇ ਸਦਾ ਉਸ ਉੱਤੇ ਵੱਸਣਗੇ। 
ਧਰਮੀ ਦਾ ਮੂੰਹ ਬੁੱਧੀ ਬੋਲਦਾ ਹੈ, ਅਤੇ ਉਹ ਦੀ ਜੁਬਾਨ ਨਿਆਂ ਦੀ ਗੱਲ ਕਰਦੀ ਹੈ। 
ਉਸ ਦੇ ਪਰਮੇਸ਼ੁਰ ਦੀ ਬਿਵਸਥਾ ਉਹ ਦੇ ਮਨ ਵਿੱਚ ਹੈ, ਉਹ ਦੇ ਪੈਰ ਕਦੀ ਨਾ ਤਿਲਕਣਗੇ। 
ਦੁਸ਼ਟ ਧਰਮੀ ਦੀ ਤਾਕ ਵਿੱਚ ਰਹਿੰਦਾ ਹੈ, ਕਿ ਉਹ ਨੂੰ ਜਾਨੋਂ ਮਾਰੇ। 
ਯਹੋਵਾਹ ਉਹ ਨੂੰ ਉਸ ਦੇ ਵੱਸ ਵਿੱਚ ਨਾ ਛੱਡੇਗਾ ਅਤੇ ਜਦ ਉਹ ਦਾ ਫੈਸਲਾ ਹੋ ਜਾਵੇਗਾ ਤਾਂ ਉਹ ਨੂੰ ਦੋਸ਼ੀ ਨਾ ਠਹਿਰਾਵੇਗਾ। 
ਯਹੋਵਾਹ ਨੂੰ ਉਡੀਕ ਅਤੇ ਉਹ ਦੇ ਰਾਹ ਦੀ ਪਾਲਣਾ ਕਰ, ਤਾਂ ਉਹ ਤੈਨੂੰ ਉੱਚਾ ਕਰੇਗਾ ਕਿ ਤੂੰ ਧਰਤੀ ਦਾ ਵਾਰਿਸ ਬਣੇਂ। ਤੂੰ ਦੁਸ਼ਟਾਂ ਦਾ ਛੇਕਿਆ ਜਾਣਾ ਵੇਖੇਂਗਾ। 
ਮੈਂ ਦੁਸ਼ਟ ਨੂੰ ਵੱਡੀ ਆਕੜ ਵਿੱਚ, ਅਤੇ ਆਪਣੀ ਨਿੱਜ ਭੂਮੀ ਵਿੱਚ ਕੇਦਾਰ ਦੇ ਹਰੇ ਭਰੇ ਬੂਟੇ ਵਾਂਗੂੰ ਫੈਲਦਿਆਂ ਦੇਖਿਆ। 
ਪਰ ਉਹ ਲੰਘ ਗਿਆ ਅਤੇ ਵੇਖੋ, ਉਹ ਹੈ ਹੀ ਨਹੀਂ, ਮੈਂ ਵੀ ਉਹ ਨੂੰ ਭਾਲਿਆ ਪਰ ਉਹ ਲੱਭਾ ਹੀ ਨਾ। 
ਸੰਪੂਰਨ ਮਨੁੱਖ ਵੱਲ ਤੱਕ ਅਤੇ ਸਿੱਧੇ ਪੁਰਖ ਵੱਲ ਵੇਖ, ਕਿ ਸਲਾਮਤੀ ਦੇ ਮਨੁੱਖ ਦੀ ਅੰਸ ਰਹਿੰਦੀ ਹੈ। 
ਪਰ ਅਪਰਾਧੀ ਇਕੱਠੇ ਹੀ ਨਾਸ ਹੋ ਜਾਣਗੇ, ਦੁਸ਼ਟਾਂ ਦੀ ਅੰਸ ਛੇਕੀ ਜਾਵੇਗੀ! 
ਪਰ ਧਰਮੀਆਂ ਦਾ ਬਚਾਓ ਯਹੋਵਾਹ ਵੱਲੋਂ ਹੈ, ਅਤੇ ਦੁੱਖ ਦੇ ਸਮੇਂ ਉਹ ਉਨ੍ਹਾਂ ਦਾ ਗੜ੍ਹ ਹੈ, 
ਅਤੇ ਯਹੋਵਾਹ ਉਨ੍ਹਾਂ ਦੀ ਸਹਾਇਤਾ ਕਰਦਾ ਅਤੇ ਛੁਡਾਉਂਦਾ ਹੈ, ਉਹ ਉਨ੍ਹਾਂ ਨੂੰ ਦੁਸ਼ਟਾਂ ਤੋਂ ਛੁਡਾਉਂਦਾ ਅਤੇ ਬਚਾਉਂਦਾ ਹੈ, ਕਿਉਂ ਜੋ ਉਹ ਉਸ ਦੀ ਸ਼ਰਨ ਆਏ ਹਨ। 
