﻿ਜ਼ਬੂਰ.
20.
ਪ੍ਰਧਾਨ ਵਜਾਉਣ ਵਾਲੇ ਦੇ ਲਈ ਦਾਊਦ ਦਾ ਭਜਨ। ਬਿਪਤਾ ਦੇ ਦਿਨ ਯਹੋਵਾਹ ਤੈਨੂੰ ਉੱਤਰ ਦੇਵੇ, ਯਾਕੂਬ ਦੇ ਪਰਮੇਸ਼ੁਰ ਦਾ ਨਾਮ ਤੈਨੂੰ ਉੱਚਿਆਂ ਕਰੇ। 
ਉਹ ਪਵਿੱਤਰ ਸਥਾਨ ਤੋਂ ਤੇਰੀ ਸਹਾਇਤਾ ਭੇਜੇ, ਅਤੇ ਸੀਯੋਨ ਤੋਂ ਤੈਨੂੰ ਸੰਭਾਲੇ, 
ਤੇਰੀਆਂ ਸਾਰੀਆਂ ਭੇਟਾਂ ਨੂੰ ਚੇਤੇ ਰੱਖੇ, ਅਤੇ ਤੇਰੀਆਂ ਹੋਮ ਬਲੀਆਂ ਨੂੰ ਕਬੂਲ ਕਰੇ। ਸਲਹ। 
ਉਹ ਤੇਰੇ ਮਨੋਰਥਾਂ ਅਨੁਸਾਰ ਤੈਨੂੰ ਦੇਵੇ, ਅਤੇ ਤੇਰੀ ਸਾਰੀ ਯੋਜਨਾ ਨੂੰ ਪੂਰਾ ਕਰੇ। 
ਅਸੀਂ ਤੇਰੇ ਬਚਾਓ ਦੇ ਕਾਰਨ ਜੈ ਜੈ ਕਾਰ ਕਰਾਂਗੇ, ਅਤੇ ਆਪਣੇ ਪਰਮੇਸ਼ੁਰ ਦੇ ਨਾਮ ਤੋਂ ਆਪਣੇ ਝੰਡੇ ਖੜੇ ਕਰਾਂਗੇ। ਯਹੋਵਾਹ ਤੇਰੀਆਂ ਸਾਰੀਆਂ ਮੰਗਾਂ ਨੂੰ ਪੂਰਾ ਕਰੇ। 
ਹੁਣ ਮੈਂ ਜਾਣਿਆ ਕਿ ਯਹੋਵਾਹ ਆਪਣੇ ਮਸਹ ਕੀਤੇ ਹੋਏ ਨੂੰ ਬਚਾਉਂਦਾ ਹੈ, ਉਹ ਆਪਣੇ ਪਵਿੱਤਰ ਸਵਰਗ ਤੋਂ ਉਹ ਨੂੰ ਉੱਤਰ ਦੇਵੇਗਾ, ਆਪਣੇ ਸੱਜੇ ਹੱਥ ਦੀ ਬਚਾਉਣ ਵਾਲੀ ਸਮਰੱਥਾ ਨਾਲ। 
ਕੋਈ ਰਥਾਂ ਨੂੰ ਅਤੇ ਕੋਈ ਘੋੜਿਆਂ ਨੂੰ, ਪਰ ਅਸੀਂ ਯਹੋਵਾਹ ਆਪਣੇ ਪਰਮੇਸ਼ੁਰ ਦੇ ਨਾਮ ਨੂੰ ਯਾਦ ਕਰਾਂਗੇ। 
ਓਹ ਝੁਕੇ ਅਤੇ ਡਿੱਗ ਪਏ ਹਨ, ਪਰ ਅਸੀਂ ਉੱਠੇ ਅਤੇ ਸਿੱਧੇ ਖੜ੍ਹੇ ਹੋ ਗਏ ਹਾਂ। 
ਹੇ ਯਹੋਵਾਹ, ਬਚਾ ਲੈ! ਸਾਡੀ ਪੁਕਾਰ ਦੇ ਵੇਲੇ ਪਾਤਸ਼ਾਹ ਸਾਨੂੰ ਉੱਤਰ ਦੇ! 
