﻿ਜ਼ਬੂਰ.
6.
ਪ੍ਰਧਾਨ ਵਜਾਉਣ ਵਾਲੇ ਦੇ ਲਈ: ਤਾਰ ਵਾਲੇ ਵਾਜਿਆਂ ਨਾਲ। ਖਰਜ਼ ਦੇ ਰਾਗ ਵਿੱਚ ਦਾਊਦ ਦਾ ਭਜਨ। ਹੇ ਯਹੋਵਾਹ, ਤੂੰ ਆਪਣੇ ਕ੍ਰੋਧ ਨਾਲ ਮੈਨੂੰ ਦਬਕਾ ਨਾ ਦੇ, ਨਾ ਆਪਣੇ ਤੇਜ ਕੋਪ ਨਾਲ ਮੈਨੂੰ ਤਾੜ। 
ਹੇ ਯਹੋਵਾਹ, ਮੇਰੇ ਉੱਤੇ ਦਯਾ ਕਰ ਕਿਉਂ ਜੋ ਮੈ ਕੁਮਲਾ ਰਿਹਾ ਹਾਂ, ਹੇ ਯਹੋਵਾਹ, ਮੈਨੂੰ ਚੰਗਾ ਕਰ ਕਿਉਂ ਜੋ ਮੇਰੀਆਂ ਹੱਡੀਆਂ ਬੇਚੈਨ ਹਨ। 
ਮੇਰੀ ਜਾਨ ਵੀ ਅੱਤ ਘਬਰਾਈ ਹੋਈ ਹੈ, ਅਤੇ ਤੂੰ ਯਹੋਵਾਹ, ਕਦੋਂ ਤੱਕ? 
ਹੇ ਯਹੋਵਾਹ, ਮੁੜ ਆ, ਮੇਰੀ ਜਾਨ ਨੂੰ ਛੁਡਾ, ਆਪਣੀ ਦਯਾ ਦੇ ਕਾਰਨ ਮੈਨੂੰ ਬਚਾ, 
ਕਿਉਂ ਜੋ ਮੌਤ ਤੋਂ ਬਾਅਦ ਤੇਰਾ ਸਿਮਰਨ ਨਹੀਂ, ਪਤਾਲ ਵਿੱਚ ਕੌਣ ਤੇਰਾ ਧੰਨਵਾਦ ਕਰੇਗਾ? 
ਮੈਂ ਧਾਹਾਂ ਮਾਰਦਾ-ਮਾਰਦਾ ਥੱਕ ਗਿਆ, ਸਾਰੀ ਰਾਤ ਮੈਂ ਆਪਣੇ ਵਿਛਾਉਣੇ ਉੱਤੇ ਹੜ੍ਹ ਵਗਾ ਲੈਂਦਾ ਹਾਂ, ਆਪਣੇ ਹੰਝੂਆਂ ਨਾਲ ਮੈਂ ਆਪਣਾ ਮੰਜਾ ਭਿਉਂਦਾ ਹਾਂ। 
ਮੇਰੀਆਂ ਅੱਖਾਂ ਸੋਗ ਦੇ ਮਾਰੇ ਗਲ਼ ਗਈਆਂ, ਉਹ ਮੇਰੇ ਵਿਰੋਧੀਆਂ ਦੇ ਕਾਰਨ ਚੁੰਨ੍ਹੀਆਂ ਹੋ ਗਈਆਂ ਹਨ। 
ਹੇ ਤੁਸੀਂ ਸਾਰੇ ਕੁਕਰਮੀਓ, ਮੇਰੇ ਕੋਲੋਂ ਦੂਰ ਹੋ ਜਾਓ, ਕਿਉਂ ਜੋ ਯਹੋਵਾਹ ਨੇ ਮੇਰੇ ਰੋਣ ਦੀ ਅਵਾਜ਼ ਸੁਣ ਲਈ ਹੈ, 
ਯਹੋਵਾਹ ਨੇ ਮੇਰੀ ਬੇਨਤੀ ਸੁਣ ਲਈ ਹੈ, ਯਹੋਵਾਹ ਮੇਰੀ ਪ੍ਰਾਰਥਨਾ ਕਬੂਲ ਕਰੇਗਾ। 
ਮੇਰੇ ਸਾਰੇ ਵੈਰੀ ਲੱਜਿਆਵਾਨ ਅਤੇ ਅੱਤ ਵਿਆਕੁਲ ਹੋਣਗੇ, ਉਹ ਮੁੜ ਜਾਣਗੇ ਅਤੇ ਅਚਾਨਕ ਲੱਜਿਆਵਾਨ ਹੋ ਜਾਣਗੇ। 
