﻿ਨਿਆਂਈਆਂ ਦੀ ਪੋਥੀ.
1.
ਯਹੋਸ਼ੁਆ ਦੇ ਮਰਨ ਤੋਂ ਬਾਅਦ, ਇਸਰਾਏਲੀਆਂ ਨੇ ਯਹੋਵਾਹ ਤੋਂ ਪੁੱਛਿਆ, “ਭਲਾ, ਕਨਾਨੀਆਂ ਨਾਲ ਯੁੱਧ ਕਰਨ ਲਈ ਸਾਡੇ ਵੱਲੋਂ ਪਹਿਲਾਂ ਕੌਣ ਜਾਵੇਗਾ?” 
ਯਹੋਵਾਹ ਨੇ ਉੱਤਰ ਦਿੱਤਾ, “ਯਹੂਦਾਹ ਜਾਵੇਗਾ, ਅਤੇ ਵੇਖੋ, ਮੈਂ ਇਸ ਦੇਸ਼ ਨੂੰ ਉਸ ਦੇ ਹੱਥ ਵਿੱਚ ਕਰ ਦਿੱਤਾ ਹੈ।” 
ਤਦ ਯਹੂਦਾਹ ਨੇ ਆਪਣੇ ਭਰਾ ਸ਼ਿਮਓਨ ਨੂੰ ਆਖਿਆ, “ਮੇਰੇ ਹਿੱਸੇ ਦੀ ਵੰਡ ਵਿੱਚ ਮੇਰੇ ਨਾਲ ਆ ਤਾਂ ਜੋ ਅਸੀਂ ਕਨਾਨੀਆਂ ਨਾਲ ਲੜਾਈ ਕਰੀਏ ਅਤੇ ਇਸੇ ਤਰ੍ਹਾਂ ਮੈਂ ਵੀ ਤੇਰੇ ਹਿੱਸੇ ਦੀ ਵੰਡ ਵਿੱਚ ਤੇਰੇ ਨਾਲ ਆਵਾਂਗਾ।” ਇਸ ਲਈ ਸ਼ਿਮਓਨ ਉਸ ਦੇ ਨਾਲ ਗਿਆ। 
ਤਦ ਯਹੂਦਾਹ ਨੇ ਹਮਲਾ ਕੀਤਾ ਅਤੇ ਯਹੋਵਾਹ ਨੇ ਕਨਾਨੀਆਂ ਅਤੇ ਫ਼ਰਿੱਜ਼ੀਆਂ ਨੂੰ ਉਸ ਦੇ ਹੱਥ ਵਿੱਚ ਕਰ ਦਿੱਤਾ ਅਤੇ ਉਨ੍ਹਾਂ ਨੇ ਬਜ਼ਕ ਵਿੱਚ ਦਸ ਹਜ਼ਾਰ ਮਨੁੱਖ ਮਾਰ ਦਿੱਤੇ। 
ਉਨ੍ਹਾਂ ਨੇ ਅਦੋਨੀ ਬਜ਼ਕ ਨੂੰ ਬਜ਼ਕ ਵਿੱਚ ਲੱਭਿਆ ਅਤੇ ਉਸ ਦੇ ਨਾਲ ਲੜੇ ਅਤੇ ਕਨਾਨੀਆਂ ਅਤੇ ਫ਼ਰਿੱਜ਼ੀਆਂ ਨੂੰ ਮਾਰ ਦਿੱਤਾ। 
ਪਰ ਅਦੋਨੀ ਬਜ਼ਕ ਭੱਜ ਗਿਆ ਅਤੇ ਉਨ੍ਹਾਂ ਨੇ ਉਸ ਦਾ ਪਿੱਛਾ ਕਰ ਕੇ ਉਸ ਨੂੰ ਫੜ ਲਿਆ, ਅਤੇ ਉਸ ਦੇ ਹੱਥਾਂ ਤੇ ਪੈਰਾਂ ਦੇ ਅੰਗੂਠੇ ਵੱਢ ਦਿੱਤੇ। 
ਤਦ ਅਦੋਨੀ ਬਜ਼ਕ ਨੇ ਕਿਹਾ, “ਹੱਥਾਂ ਤੇ ਪੈਰਾਂ ਦੇ ਅੰਗੂਠੇ ਵੱਢੇ ਹੋਏ ਸੱਤਰ ਰਾਜੇ ਮੇਰੀ ਮੇਜ਼ ਦੇ ਹੇਠੋਂ ਟੁੱਕੜੇ ਚੁਗ-ਚੁਗ ਕੇ ਖਾਂਦੇ ਸਨ, ਇਸ ਲਈ ਜਿਸ ਤਰ੍ਹਾਂ ਮੈਂ ਕੀਤਾ ਸੀ, ਪਰਮੇਸ਼ੁਰ ਨੇ ਮੈਨੂੰ ਉਸੇ ਤਰ੍ਹਾਂ ਹੀ ਬਦਲਾ ਦਿੱਤਾ ਹੈ।” ਫੇਰ ਉਹ ਉਸ ਨੂੰ ਯਰੂਸ਼ਲਮ ਵਿੱਚ ਲੈ ਆਏ ਅਤੇ ਉਹ ਉੱਥੇ ਹੀ ਮਰ ਗਿਆ। 
ਤਦ ਯਹੂਦੀਆਂ ਨੇ ਯਰੂਸ਼ਲਮ ਨਾਲ ਲੜਾਈ ਕੀਤੀ ਅਤੇ ਉਸ ਨੂੰ ਜਿੱਤ ਲਿਆ ਅਤੇ ਉਨ੍ਹਾਂ ਨੇ ਤਲਵਾਰ ਦੀ ਧਾਰ ਨਾਲ ਉਸ ਦੇ ਵਾਸੀਆਂ ਨੂੰ ਮਾਰਿਆ ਅਤੇ ਸ਼ਹਿਰ ਨੂੰ ਅੱਗ ਨਾਲ ਸਾੜ ਦਿੱਤਾ। 
ਇਸ ਤੋਂ ਬਾਅਦ, ਯਹੂਦੀ ਜਾ ਕੇ ਉਹਨਾਂ ਕਨਾਨੀਆਂ ਨਾਲ ਲੜੇ, ਜੋ ਪਹਾੜੀ ਦੇਸ਼ ਵਿੱਚ ਅਤੇ ਦੱਖਣ ਦੇ ਦੇਸ਼ ਅਤੇ ਬੇਟ ਵਿੱਚ ਵੱਸਦੇ ਸਨ। 
ਅਤੇ ਯਹੂਦਾਹ ਉਹਨਾਂ ਕਨਾਨੀਆਂ ਦਾ ਜੋ ਹਬਰੋਨ ਵਿੱਚ ਰਹਿੰਦੇ ਸਨ, ਸਾਹਮਣਾ ਕਰਨ ਨੂੰ ਗਿਆ। ਹਬਰੋਨ ਦਾ ਨਾਮ ਪਹਿਲਾਂ ਕਿਰਯਥ-ਅਰਬਾ ਸੀ। ਉੱਥੇ ਉਨ੍ਹਾਂ ਨੇ ਸ਼ੇਸ਼ਈ, ਅਹੀਮਾਨ ਅਤੇ ਤਲਮਈ ਨੂੰ ਮਾਰ ਦਿੱਤਾ। 
ਫਿਰ ਉਸ ਨੇ ਉੱਥੋਂ ਜਾ ਕੇ ਦਬੀਰੀਆਂ ਉੱਤੇ ਹਮਲਾ ਕੀਤਾ। ਦਬੀਰ ਦਾ ਨਾਮ ਪਹਿਲਾਂ ਕਿਰਯਥ-ਸੇਫ਼ਰ ਸੀ। 
ਤਦ ਕਾਲੇਬ ਨੇ ਕਿਹਾ, “ਜੋ ਕੋਈ ਕਿਰਯਥ-ਸੇਫ਼ਰ ਉੱਤੇ ਹਮਲਾ ਕਰਕੇ ਉਸ ਨੂੰ ਜਿੱਤ ਲਵੇ, ਉਸ ਦੇ ਨਾਲ ਮੈਂ ਆਪਣੀ ਧੀ ਅਕਸਾਹ ਦਾ ਵਿਆਹ ਕਰ ਦਿਆਂਗਾ।” 
ਤਦ ਕਾਲੇਬ ਦੇ ਛੋਟੇ ਭਰਾ ਕਨਜ਼ ਦੇ ਪੁੱਤਰ ਆਥਨੀਏਲ ਨੇ ਉਸ ਨੂੰ ਜਿੱਤ ਲਿਆ ਅਤੇ ਕਾਲੇਬ ਨੇ ਆਪਣੀ ਧੀ ਅਕਸਾਹ ਦਾ ਵਿਆਹ ਉਸ ਨਾਲ ਕਰ ਦਿੱਤਾ। 
ਜਦ ਉਹ ਅਥਨੀਏਲ ਦੇ ਕੋਲ ਆਈ ਤਾਂ ਉਸ ਨੇ ਉਹ ਨੂੰ ਉਕਸਾਇਆ ਕਿ ਉਹ ਆਪਣੇ ਪਿਤਾ ਕੋਲੋਂ ਥੋੜੀ ਜ਼ਮੀਨ ਮੰਗੇ। ਫਿਰ ਉਹ ਛੇਤੀ ਨਾਲ ਆਪਣੇ ਗਧੇ ਤੋਂ ਉਤਰੀ, ਤਦ ਕਾਲੇਬ ਨੇ ਉਸ ਨੂੰ ਪੁੱਛਿਆ, “ਤੂੰ ਕੀ ਚਾਹੁੰਦੀ ਹੈਂ?” 
ਉਸ ਨੇ ਕਿਹਾ, “ਮੈਨੂੰ ਅਸੀਸ ਦੇ, ਜਦ ਤੁਸੀਂ ਮੈਨੂੰ ਦੱਖਣ ਦਾ ਦੇਸ਼ ਦਾਨ ਵਿੱਚ ਦਿੱਤਾ ਹੈ, ਤਾਂ ਮੈਨੂੰ ਪਾਣੀ ਦੇ ਸੋਤੇ ਵੀ ਦਿਉ।” ਤਦ ਕਾਲੇਬ ਨੇ ਉੱਪਰਲੇ ਸੋਤੇ ਅਤੇ ਹੇਠਲੇ ਸੋਤੇ ਉਸ ਨੂੰ ਦੇ ਦਿੱਤੇ। 
ਮੂਸਾ ਦੇ ਸਹੁਰੇ ਕੇਨੀ ਦੀ ਸੰਤਾਨ, ਖ਼ਜੂਰਾਂ ਦੇ ਸ਼ਹਿਰ ਤੋਂ ਯਹੂਦੀਆਂ ਦੇ ਨਾਲ ਯਹੂਦਾਹ ਦੇ ਜੰਗਲ ਵਿੱਚ ਜੋ ਅਰਾਦ ਦੇ ਦੱਖਣ ਵੱਲ ਹੈ, ਉੱਪਰ ਆਈ ਅਤੇ ਇਸਰਾਏਲੀਆਂ ਦੇ ਵਿਚਕਾਰ ਵੱਸ ਗਈ। 
ਫਿਰ ਯਹੂਦਾਹ ਆਪਣੇ ਭਰਾ ਸ਼ਿਮਓਨ ਦੇ ਨਾਲ ਗਿਆ ਅਤੇ ਉਨ੍ਹਾਂ ਨੇ ਸਫ਼ਾਥ ਵਿੱਚ ਰਹਿਣ ਵਾਲੇ ਕਨਾਨੀਆਂ ਨੂੰ ਜਾ ਕੇ ਮਾਰਿਆ, ਅਤੇ ਉਸ ਨਗਰ ਨੂੰ ਨਾਸ ਕਰ ਦਿੱਤਾ, ਇਸ ਲਈ ਉਸ ਨਗਰ ਦਾ ਨਾਮ ਹਾਰਮਾਹ ਪੈ ਗਿਆ। 
ਅਤੇ ਯਹੂਦਾਹ ਨੇ ਅੱਜ਼ਾਹ, ਅਸ਼ਕਲੋਨ ਅਤੇ ਅਕਰੋਨ ਨੂੰ ਉਨ੍ਹਾਂ ਦੇ ਆਲੇ-ਦੁਆਲੇ ਦੀ ਭੂਮੀ ਸਮੇਤ ਲੈ ਲਿਆ। 
ਯਹੋਵਾਹ ਯਹੂਦਾਹ ਦੇ ਅੰਗ-ਸੰਗ ਸੀ ਅਤੇ ਉਸ ਨੇ ਪਹਾੜੀ ਲੋਕਾਂ ਨੂੰ ਕੱਢ ਦਿੱਤਾ ਪਰ ਉਹ ਘਾਟੀ ਦੇ ਵਾਸੀਆਂ ਨੂੰ ਨਾ ਕੱਢ ਸਕਿਆ, ਕਿਉਂ ਜੋ ਉਨ੍ਹਾਂ ਦੇ ਕੋਲ ਲੋਹੇ ਦੇ ਰਥ ਸਨ। 
ਤਦ ਉਨ੍ਹਾਂ ਨੇ ਮੂਸਾ ਦੇ ਬਚਨ ਅਨੁਸਾਰ ਕਾਲੇਬ ਨੂੰ ਹਬਰੋਨ ਦੇ ਦਿੱਤਾ ਅਤੇ ਉਸ ਨੇ ਅਨਾਕ ਦੇ ਤਿੰਨਾਂ ਪੁੱਤਰਾਂ ਨੂੰ ਉੱਥੋਂ ਕੱਢ ਦਿੱਤਾ। 
ਬਿਨਯਾਮੀਨੀਆਂ ਨੇ ਯਰੂਸ਼ਲਮ ਵਿੱਚ ਰਹਿਣ ਵਾਲੇ ਯਬੂਸੀਆਂ ਨੂੰ ਨਾ ਕੱਢਿਆ, ਇਸ ਲਈ ਅੱਜ ਦੇ ਦਿਨ ਤੱਕ ਯਬੂਸੀ ਬਿਨਯਾਮੀਨੀਆਂ ਦੇ ਨਾਲ ਯਰੂਸ਼ਲਮ ਵਿੱਚ ਵੱਸਦੇ ਹਨ। 
ਫਿਰ ਯੂਸੁਫ਼ ਦੇ ਘਰਾਣੇ ਨੇ ਬੈਤਏਲ ਉੱਤੇ ਹਮਲਾ ਕੀਤਾ, ਅਤੇ ਯਹੋਵਾਹ ਉਨ੍ਹਾਂ ਦੇ ਅੰਗ-ਸੰਗ ਸੀ। 
ਯੂਸੁਫ਼ ਦੇ ਘਰਾਣੇ ਨੇ ਬੈਤਏਲ ਦਾ ਭੇਤ ਲੈਣ ਲਈ ਲੋਕ ਭੇਜੇ। ਪਹਿਲਾਂ ਉਸ ਸ਼ਹਿਰ ਦਾ ਨਾਮ ਲੂਜ਼ ਸੀ। 
ਜਦ ਭੇਤੀਆਂ ਨੇ ਇੱਕ ਆਦਮੀ ਨੂੰ ਸ਼ਹਿਰ ਵਿੱਚੋਂ ਨਿੱਕਲਦਿਆਂ ਵੇਖਿਆ ਤਾਂ ਉਸ ਨੂੰ ਕਿਹਾ, “ਜੇਕਰ ਤੂੰ ਸ਼ਹਿਰ ਵਿੱਚ ਵੜਨ ਦਾ ਰਾਹ ਸਾਨੂੰ ਵਿਖਾਏਂ ਤਾਂ ਅਸੀਂ ਵੀ ਤੇਰੇ ਨਾਲ ਭਲਿਆਈ ਕਰਾਂਗੇ।” 
ਤਦ ਉਸ ਨੇ ਉਨ੍ਹਾਂ ਨੂੰ ਸ਼ਹਿਰ ਵਿੱਚ ਵੜਨ ਦਾ ਰਾਹ ਵਿਖਾਇਆ ਅਤੇ ਉਨ੍ਹਾਂ ਨੇ ਸਾਰੇ ਸ਼ਹਿਰ ਨੂੰ ਤਲਵਾਰ ਦੀ ਧਾਰ ਨਾਲ ਮਾਰਿਆ ਪਰ ਉਸ ਮਨੁੱਖ ਨੂੰ ਉਸ ਦੇ ਸਾਰੇ ਘਰਾਣੇ ਨਾਲ ਜੀਉਂਦਾ ਛੱਡ ਦਿੱਤਾ। 
ਉਸ ਮਨੁੱਖ ਨੇ ਹਿੱਤੀਆਂ ਦੇ ਦੇਸ਼ ਵਿੱਚ ਜਾ ਕੇ ਉੱਥੇ ਇੱਕ ਸ਼ਹਿਰ ਵਸਾਇਆ ਅਤੇ ਉਸ ਦਾ ਨਾਮ ਲੂਜ਼ ਰੱਖਿਆ, ਅਤੇ ਅੱਜ ਤੱਕ ਉਸ ਦਾ ਇਹੋ ਨਾਮ ਹੈ। 
ਮਨੱਸ਼ਹ ਨੇ ਬੈਤ ਸ਼ਾਨ, ਤਆਨਾਕ, ਦੋਰ, ਯਿਬਲਾਮ ਅਤੇ ਮਗਿੱਦੋ ਨੂੰ ਉਨ੍ਹਾਂ ਦੇ ਪਿੰਡਾਂ ਦੇ ਵਾਸੀਆਂ ਨਾਲ ਨਾ ਕੱਢਿਆ, ਇਸ ਲਈ ਕਨਾਨੀ ਉਸ ਦੇਸ਼ ਵਿੱਚ ਹੀ ਵੱਸੇ ਰਹੇ। 
ਪਰ ਜਦ ਇਸਰਾਏਲੀ ਤਕੜੇ ਹੋਏ ਤਾਂ ਉਹ ਕਨਾਨੀਆਂ ਤੋਂ ਬੇਗਾਰੀ ਕਰਾਉਂਦੇ ਰਹੇ ਪਰ ਉਨ੍ਹਾਂ ਨੂੰ ਪੂਰੀ ਤਰ੍ਹਾਂ ਨਾ ਕੱਢਿਆ। 
ਇਫ਼ਰਾਈਮ ਨੇ ਵੀ ਗਜ਼ਰ ਵਿੱਚ ਰਹਿਣ ਵਾਲੇ ਕਨਾਨੀਆਂ ਨੂੰ ਨਾ ਕੱਢਿਆ, ਇਸ ਲਈ ਕਨਾਨੀ ਗਜ਼ਰ ਵਿੱਚ ਉਨ੍ਹਾਂ ਦੇ ਵਿਚਕਾਰ ਹੀ ਵੱਸਦੇ ਰਹੇ। 
ਜ਼ਬੂਲੁਨ ਨੇ ਵੀ ਕਿਤਰੋਨ ਅਤੇ ਨਹਲੋਲ ਦੇ ਵਾਸੀਆਂ ਨੂੰ ਨਾ ਕੱਢਿਆ, ਇਸ ਲਈ ਕਨਾਨੀ ਉਨ੍ਹਾਂ ਵਿੱਚ ਵੱਸਦੇ ਰਹੇ ਅਤੇ ਪਰ ਇਸਰਾਏਲੀ ਉਨ੍ਹਾਂ ਤੋਂ ਬੇਗਾਰੀ ਕਰਾਉਂਦੇ ਰਹੇ। 
ਆਸ਼ੇਰ ਨੇ ਵੀ ਅੱਕੋ, ਸੀਦੋਨ, ਅਹਲਾਬ, ਅਕਜ਼ੀਬ, ਹਲਬਾਹ, ਅਫ਼ੀਕ ਅਤੇ ਰਹੋਬ ਦੇ ਵਾਸੀਆਂ ਨੂੰ ਨਾ ਕੱਢਿਆ 
ਸਗੋਂ ਆਸ਼ੇਰੀ ਉਸ ਦੇਸ਼ ਦੇ ਵਾਸੀ ਕਨਾਨੀਆਂ ਦੇ ਵਿਚਕਾਰ ਹੀ ਵੱਸ ਗਏ, ਕਿਉਂ ਜੋ ਉਨ੍ਹਾਂ ਨੇ ਉਹਨਾਂ ਨੂੰ ਨਹੀਂ ਕੱਢਿਆ ਸੀ। 
ਨਫ਼ਤਾਲੀ ਨੇ ਵੀ ਬੈਤ ਸ਼ਮਸ਼ ਅਤੇ ਬੈਤ ਅਨਾਥ ਦੇ ਵਾਸੀਆਂ ਨੂੰ ਨਾ ਕੱਢਿਆ, ਸਗੋਂ ਉਹ ਉਨ੍ਹਾਂ ਕਨਾਨੀਆਂ ਦੇ ਵਿੱਚ, ਜੋ ਉੱਥੇ ਰਹਿੰਦੇ ਸਨ ਜਾ ਵੱਸੇ, ਪਰ ਬੈਤ-ਸ਼ਮਸ਼ ਅਤੇ ਬੈਤ-ਅਨਾਥ ਦੇ ਵਾਸੀ ਉਨ੍ਹਾਂ ਨੂੰ ਬਗਾਰ ਦਿੰਦੇ ਰਹੇ। 
ਅਮੋਰੀਆਂ ਨੇ ਦਾਨੀਆਂ ਨੂੰ ਪਹਾੜੀ ਦੇਸ਼ ਵਿੱਚ ਭੱਜਾ ਦਿੱਤਾ, ਅਤੇ ਉਨ੍ਹਾਂ ਨੂੰ ਘਾਟੀ ਵਿੱਚ ਨਾ ਆਉਣ ਦਿੱਤਾ। 
ਅਮੋਰੀ ਹਰਸ ਦੇ ਪਰਬਤ ਉੱਤੇ ਅੱਯਾਲੋਨ ਅਤੇ ਸਾਲਬੀਮ ਵਿੱਚ ਵੱਸਦੇ ਰਹੇ, ਪਰ ਯੂਸੁਫ਼ ਦੇ ਘਰਾਣੇ ਦਾ ਹੱਥ ਅਜਿਹਾ ਤਕੜਾ ਹੋਇਆ ਕਿ ਉਹ ਉਨ੍ਹਾਂ ਕੋਲੋਂ ਬਗਾਰ ਲੈਂਦੇ ਰਹੇ, 
ਅਤੇ ਅਮੋਰੀਆਂ ਦੀ ਦੇਸ਼ ਦੀ ਹੱਦ ਅਕਰਾਬੀਮ ਪਰਬਤ ਦੀ ਚੜ੍ਹਾਈ ਤੋਂ ਲੈ ਕੇ ਸੇਲਾ ਤੋਂ ਉੱਪਰ ਵੱਲ ਸੀ। 
