﻿ਗਿਣਤੀ.
22.
ਤਦ ਇਸਰਾਏਲੀਆਂ ਨੇ ਕੂਚ ਕਰ ਕੇ ਮੋਆਬ ਦੇ ਮੈਦਾਨ ਵਿੱਚ, ਯਰਦਨ ਦੇ ਪਾਰ ਯਰੀਹੋ ਦੇ ਕੋਲ ਡੇਰੇ ਲਾਏ। 
ਸਿੱਪੋਰ ਦੇ ਪੁੱਤਰ ਬਾਲਾਕ ਨੇ ਸਭ ਕੁਝ ਵੇਖਿਆ ਜੋ ਇਸਰਾਏਲੀਆਂ ਨੇ ਅਮੋਰੀਆਂ ਨਾਲ ਕੀਤਾ ਸੀ। 
ਇਸ ਲਈ ਮੋਆਬ ਉਸ ਪਰਜਾ ਤੋਂ ਬਹੁਤ ਡਰਿਆ ਕਿਉਂ ਜੋ ਉਹ ਗਿਣਤੀ ਵਿੱਚ ਵੱਧ ਸਨ, ਸੋ ਮੋਆਬ ਇਸਰਾਏਲੀਆਂ ਦੇ ਕਾਰਨ ਬਹੁਤ ਘਬਰਾਇਆ। 
ਤਦ ਮੋਆਬ ਨੇ ਮਿਦਯਾਨ ਦੇ ਬਜ਼ੁਰਗਾਂ ਨੂੰ ਆਖਿਆ ਕੀ ਹੁਣ ਇਹ ਦਲ ਸਾਡੇ ਆਲੇ-ਦੁਆਲੇ ਦਾ ਸਭ ਕੁਝ ਖ਼ਤਮ ਕਰ ਜਾਵੇਗਾ ਜਿਵੇਂ ਬਲ਼ਦ ਖੇਤ ਦਾ ਘਾਹ ਖ਼ਤਮ ਕਰ ਦਿੰਦਾ ਹੈ। ਸਿੱਪੋਰ ਦਾ ਪੁੱਤਰ ਬਾਲਾਕ ਉਸ ਸਮੇਂ ਮੋਆਬ ਦਾ ਰਾਜਾ ਸੀ। 
ਫੇਰ ਉਸ ਨੇ ਪਥੋਰ ਨਗਰ ਨੂੰ, ਜਿਹੜਾ ਵੱਡੇ ਦਰਿਆ ਉੱਤੇ ਹੈ ਆਪਣੀ ਉੱਮਤ ਦੇ ਅੰਸ ਦੇ ਦੇਸ ਵਿੱਚ ਬਓਰ ਦੇ ਪੁੱਤਰ ਬਿਲਆਮ ਕੋਲ, ਸੰਦੇਸ਼ਵਾਹਕ ਘੱਲੇ ਕਿ ਉਹ ਉਸ ਨੂੰ ਇਹ ਆਖ ਕੇ ਸੱਦੇ ਕਿ ਵੇਖੋ, ਇੱਕ ਦਲ ਮਿਸਰ ਤੋਂ ਨਿੱਕਲਿਆ ਹੈ ਅਤੇ ਵੇਖੋ, ਉਹਨਾਂ ਨੇ ਧਰਤੀ ਨੂੰ ਆਪਣੀ ਵੱਸੋਂ ਨਾਲ ਭਰ ਲਿਆ ਹੈ ਅਤੇ ਉਹ ਹੁਣ ਮੇਰੇ ਸਾਹਮਣੇ ਆ ਵੱਸੇ ਹਨ। 
ਹੁਣ ਤੂੰ ਆ ਕੇ ਇਸ ਦਲ ਨੂੰ ਮੇਰੇ ਲਈ ਸਰਾਪ ਦੇਵੀਂ ਕਿਉਂ ਜੋ ਉਹ ਮੇਰੇ ਨਾਲੋਂ ਅੱਤ ਬਲਵੰਤ ਹਨ। ਸ਼ਾਇਦ ਮੈਂ ਫਤਹ ਪਾਵਾਂ ਅਤੇ ਅਸੀਂ ਉਨ੍ਹਾਂ ਨੂੰ ਅਜਿਹਾ ਮਾਰੀਏ ਕਿ ਉਨ੍ਹਾਂ ਨੂੰ ਆਪਣੇ ਦੇਸ ਤੋਂ ਕੱਢ ਦੇਈਏ ਕਿਉਂ ਜੋ ਮੈਂ ਜਾਣਦਾ ਹਾਂ ਕਿ ਜਿਸ ਨੂੰ ਤੂੰ ਬਰਕਤ ਦੇਵੇਂ ਉਹ ਮੁਬਾਰਕ ਹੈ, ਅਤੇ ਜਿਸ ਨੂੰ ਤੂੰ ਸਰਾਪ ਦੇਵੇਂ ਉਹ ਸਰਾਪੀ ਹੈ। 
ਤਦ ਮੋਆਬ ਦੇ ਅਤੇ ਮਿਦਯਾਨ ਦੇ ਬਜ਼ੁਰਗ ਚੱਲ ਪਏ ਅਤੇ ਉਨ੍ਹਾਂ ਦੇ ਹੱਥਾਂ ਵਿੱਚ ਅਗੰਮ ਨੂੰ ਜਾਣਨ ਲਈ ਇਨਾਮ ਸਨ ਅਤੇ ਉਹ ਬਿਲਆਮ ਕੋਲ ਆ ਕੇ ਉਸ ਨੂੰ ਬਾਲਾਕ ਦੀਆਂ ਗੱਲਾਂ ਬਾਰੇ ਦੱਸਿਆ। 
ਉਸ ਨੇ ਉਨ੍ਹਾਂ ਨੂੰ ਆਖਿਆ, ਤੁਸੀਂ ਅੱਜ ਦੀ ਰਾਤ ਇੱਥੇ ਠਹਿਰੋ ਅਤੇ ਜਿਵੇਂ ਯਹੋਵਾਹ ਮੈਨੂੰ ਬੋਲੇ ਮੈਂ ਤੁਹਾਡੇ ਕੋਲ ਮੁੜ ਖ਼ਬਰ ਲਿਆਵਾਂਗਾ। ਉਪਰੰਤ ਮੋਆਬ ਦੇ ਪ੍ਰਧਾਨ ਬਿਲਆਮ ਨਾਲ ਠਹਿਰੇ। 
ਪਰਮੇਸ਼ੁਰ ਨੇ ਬਿਲਆਮ ਨੂੰ ਪੁੱਛਿਆ ਕਿ ਇਹ ਮਨੁੱਖ ਤੇਰੇ ਨਾਲ ਕੌਣ ਹਨ? 
ਬਿਲਆਮ ਨੇ ਪਰਮੇਸ਼ੁਰ ਨੂੰ ਆਖਿਆ, ਸਿੱਪੋਰ ਦੇ ਪੁੱਤਰ ਬਾਲਾਕ ਮੋਆਬ ਦੇ ਰਾਜੇ ਨੇ ਉਨ੍ਹਾਂ ਨੂੰ ਮੇਰੇ ਕੋਲ ਇਹ ਆਖ ਕੇ ਭੇਜਿਆ। 
ਕਿ ਵੇਖੋ, ਇਹ ਦਲ ਜਿਹੜਾ ਮਿਸਰ ਤੋਂ ਆਇਆ ਹੈ ਉਸ ਨੇ ਧਰਤੀ ਨੂੰ ਆਪਣੀ ਵੱਸੋਂ ਨਾਲ ਭਰ ਦਿੱਤਾ ਹੈ। ਹੁਣ ਆ ਮੇਰੇ ਲਈ ਉਨ੍ਹਾਂ ਨੂੰ ਸਰਾਪ ਦੇ, ਸ਼ਾਇਦ ਅਜਿਹਾ ਹੋਵੇ ਜੋ ਮੈਂ ਉਨ੍ਹਾਂ ਨਾਲ ਲੜ ਸਕਾਂ ਅਤੇ ਉਹਨਾਂ ਨੂੰ ਕੱਢ ਦਿਆਂ। 
ਪਰ ਪਰਮੇਸ਼ੁਰ ਨੇ ਬਿਲਆਮ ਨੂੰ ਆਖਿਆ, ਇਹਨਾਂ ਨਾਲ ਨਾ ਜਾਵੀਂ, ਨਾ ਇਸ ਪਰਜਾ ਨੂੰ ਸਰਾਪ ਦੇਈਂ ਕਿਉਂ ਜੋ ਉਹ ਅਸੀਸ ਦੇ ਅਧਿਕਾਰੀ ਹਨ। 
ਬਿਲਆਮ ਨੇ ਸਵੇਰ ਨੂੰ ਉੱਠ ਕੇ ਬਾਲਾਕ ਦੇ ਹਾਕਮਾਂ ਨੂੰ ਆਖਿਆ, ਆਪਣੇ ਦੇਸ ਨੂੰ ਜਾਓ ਕਿਉਂ ਜੋ ਯਹੋਵਾਹ ਨੇ ਮੈਨੂੰ ਤੁਹਾਡੇ ਨਾਲ ਜਾਣ ਤੋਂ ਮਨ੍ਹਾ ਕੀਤਾ ਹੈ। 
ਤਦ ਮੋਆਬ ਦੇ ਪ੍ਰਧਾਨ ਉੱਠ ਕੇ ਬਾਲਾਕ ਕੋਲ ਆਏ ਅਤੇ ਉਨ੍ਹਾਂ ਨੇ ਆਖਿਆ, ਬਿਲਆਮ ਨੇ ਸਾਡੇ ਨਾਲ ਆਉਣ ਤੋਂ ਇਨਕਾਰ ਕੀਤਾ। 
ਤਦ ਬਾਲਾਕ ਨੇ ਇੱਕ ਵਾਰ ਹੋਰ ਪ੍ਰਧਾਨ ਘੱਲੇ ਜਿਹੜੇ ਇਹਨਾਂ ਤੋਂ ਜਿਆਦਾ ਅਤੇ ਪਤਵੰਤੇ ਸਨ। 
ਉਹ ਬਿਲਆਮ ਕੋਲ ਆਏ ਅਤੇ ਉਹ ਨੂੰ ਆਖਿਆ, ਸਿੱਪੋਰ ਦਾ ਪੁੱਤਰ ਬਾਲਾਕ ਇਹ ਆਖਦਾ ਹੈ ਕਿ ਮੇਰੇ ਕੋਲ ਆਉਣ ਤੋਂ ਨਾ ਰੁਕੋ। 
ਕਿਉਂ ਜੋ ਮੈਂ ਤੁਹਾਡਾ ਵੱਡਾ ਸਤਿਕਾਰ ਕਰਾਂਗਾ ਅਤੇ ਜੋ ਕੁਝ ਤੁਸੀਂ ਮੈਨੂੰ ਆਖੋ, ਮੈਂ ਕਰਾਂਗਾ ਪਰ ਜ਼ਰੂਰ ਆਓ, ਮੇਰੇ ਲਈ ਇਸ ਦਲ ਨੂੰ ਸਰਾਪ ਦਿਓ। 
ਅੱਗੋਂ ਬਿਲਆਮ ਨੇ ਬਾਲਾਕ ਦੇ ਸੇਵਕਾਂ ਨੂੰ ਉੱਤਰ ਦੇ ਕੇ ਆਖਿਆ, ਜੇਕਰ ਬਾਲਾਕ ਮੈਨੂੰ ਆਪਣਾ ਸੋਨੇ ਤੇ ਚਾਂਦੀ ਨਾਲ ਭਰਿਆ ਘਰ ਵੀ ਦੇ ਦੇਵੇ ਤਾਂ ਵੀ ਮੈਂ ਯਹੋਵਾਹ ਆਪਣੇ ਪਰਮੇਸ਼ੁਰ ਦੇ ਹੁਕਮ ਦੀ ਉਲੰਘਣਾ ਨਹੀਂ ਕਰ ਸਕਦਾ ਕਿ ਉਸ ਨੂੰ ਘੱਟ ਜਾਂ ਵੱਧ ਜਾਣ ਕੇ ਮੰਨਾ। 
ਹੁਣ, ਤੁਸੀਂ ਅੱਜ ਦੀ ਰਾਤ ਇੱਥੇ ਹੀ ਠਹਿਰਨਾ, ਤਾਂ ਜੋ ਮੈਂ ਜਾਣ ਲਵਾਂ ਕਿ ਯਹੋਵਾਹ ਕਿਹੜੀ ਗੱਲ ਮੇਰੇ ਨਾਲ ਬੋਲੇਗਾ। 
ਪਰਮੇਸ਼ੁਰ ਬਿਲਆਮ ਕੋਲ ਰਾਤ ਨੂੰ ਆਇਆ ਅਤੇ ਉਸ ਨੂੰ ਆਖਿਆ, ਜਿਹੜੇ ਮਨੁੱਖ ਤੈਨੂੰ ਬੁਲਾਉਣ ਆਏ ਹਨ, ਉੱਠ ਕੇ ਇਹਨਾਂ ਨਾਲ ਚਲਾ ਜਾ, ਪਰ ਸਿਰਫ਼ ਉਹ ਗੱਲ ਜਿਹੜੀ ਮੈਂ ਤੈਨੂੰ ਆਖਾਂ, ਤੂੰ ਉਸੇ ਤਰ੍ਹਾਂ ਹੀ ਕਰੀਂ। 
ਤਦ ਬਿਲਆਮ ਨੇ ਸਵੇਰ ਨੂੰ ਉੱਠ ਕੇ, ਆਪਣੀ ਗਧੀ ਉੱਤੇ ਕਾਠੀ ਬੰਨ੍ਹੀ ਅਤੇ ਮੋਆਬ ਦੇ ਹਾਕਮਾਂ ਨਾਲ ਤੁਰ ਪਿਆ। 
ਅਤੇ ਉਸ ਦੇ ਜਾਣ ਦੇ ਕਾਰਨ ਪਰਮੇਸ਼ੁਰ ਦਾ ਕ੍ਰੋਧ ਭੜਕ ਉੱਠਿਆ ਅਤੇ ਯਹੋਵਾਹ ਦਾ ਦੂਤ ਉਸ ਦਾ ਵਿਰੋਧ ਕਰਨ ਲਈ ਉਸ ਦੇ ਰਸਤੇ ਵਿੱਚ ਖੜ੍ਹਾ ਹੋਇਆ। ਉਹ ਆਪਣੀ ਗਧੀ ਉੱਤੇ ਸਵਾਰ ਹੋਇਆ ਅਤੇ ਉਸ ਦੇ ਦੋ ਨੌਕਰ ਉਸ ਦੇ ਨਾਲ ਸਨ। 
ਅਤੇ ਗਧੀ ਨੇ ਯਹੋਵਾਹ ਦੇ ਦੂਤ ਨੂੰ ਰਸਤੇ ਵਿੱਚ ਹੱਥ ਵਿੱਚ ਤਲਵਾਰ ਫੜ੍ਹੀ, ਖੜ੍ਹਾ ਵੇਖਿਆ। ਤਾਂ ਗਧੀ ਰਾਹ ਤੋਂ ਮੁੜ ਕੇ ਖੇਤ ਵਿੱਚ ਨੂੰ ਹੋ ਗਈ ਅਤੇ ਬਿਲਆਮ ਨੇ ਗਧੀ ਨੂੰ ਮਾਰਿਆ ਕਿਉਂ ਜੋ ਉਹ ਨੂੰ ਰਾਹ ਤੋਂ ਮੁੜ ਗਈ ਸੀ। 
ਤਦ ਯਹੋਵਾਹ ਦਾ ਦੂਤ ਅੰਗੂਰ ਦੇ ਬਾਗ਼ ਵਿੱਚ ਉਸ ਭੀੜੇ ਰਾਹ ਵਿੱਚ ਖੜ੍ਹਾ ਸੀ ਜਿੱਥੇ ਦੋਵੇਂ ਪਾਸੇ ਕੰਧ ਸੀ। 
ਜਦੋਂ ਗਧੀ ਨੇ ਯਹੋਵਾਹ ਦੇ ਦੂਤ ਨੂੰ ਦੇਖਿਆ ਤਾਂ ਉਹ ਕੰਧ ਨਾਲ ਜਾ ਲੱਗੀ ਅਤੇ ਬਿਲਆਮ ਦੇ ਪੈਰ ਨੂੰ ਕੰਧ ਨਾਲ ਦਬਾਇਆ, ਉਸ ਨੇ ਫੇਰ ਉਹ ਨੂੰ ਮਾਰਿਆ। 
ਯਹੋਵਾਹ ਦਾ ਦੂਤ ਫੇਰ ਇੱਕ ਵਾਰ ਅੱਗੇ ਜਾ ਕੇ ਇੱਕ ਭੀੜੀ ਥਾਂ ਵਿੱਚ ਖੜ੍ਹਾ ਹੋ ਗਿਆ ਜਿਸ ਤੋਂ ਸੱਜੇ ਖੱਬੇ ਮੁੜਨ ਨੂੰ ਕੋਈ ਰਾਹ ਨਹੀਂ ਸੀ। 
ਜਦ ਗਧੀ ਨੇ ਯਹੋਵਾਹ ਦੇ ਦੂਤ ਨੂੰ ਵੇਖਿਆ ਤਾਂ ਬਿਲਆਮ ਦੇ ਹੇਠ ਬੈਠ ਗਈ ਅਤੇ ਬਿਲਆਮ ਦਾ ਕ੍ਰੋਧ ਭੜਕ ਉੱਠਿਆ, ਫਿਰ ਓਸ ਆਪਣੀ ਲਾਠੀ ਨਾਲ ਗਧੀ ਨੂੰ ਮਾਰਿਆ। 
ਤਦ ਯਹੋਵਾਹ ਨੇ ਗਧੀ ਦੇ ਮੂੰਹ ਨੂੰ ਖੋਲ੍ਹਿਆ ਅਤੇ ਉਸ ਨੇ ਬਿਲਆਮ ਨੂੰ ਆਖਿਆ, ਮੈਂ ਤੇਰੇ ਨਾਲ ਕੀ ਕੀਤਾ ਕਿ ਤੂੰ ਮੈਨੂੰ ਤਿੰਨ ਵਾਰੀ ਮਾਰਿਆ? 
ਤਾਂ ਬਿਲਆਮ ਨੇ ਗਧੀ ਨੂੰ ਆਖਿਆ, ਇਸ ਲਈ ਕਿ ਤੂੰ ਮੇਰੀ ਗੱਲ ਨੂੰ ਨਹੀਂ ਮੰਨਿਆ। ਜੇ ਮੇਰੇ ਹੱਥ ਵਿੱਚ ਤਲਵਾਰ ਹੁੰਦੀ ਤਾਂ ਤੈਨੂੰ ਹੁਣੇ ਹੀ ਵੱਢ ਸੁੱਟਦਾ। 
ਅੱਗੋਂ ਗਧੀ ਨੇ ਬਿਲਆਮ ਨੂੰ ਆਖਿਆ, ਕੀ ਮੈਂ ਤੇਰੀ ਗਧੀ ਨਹੀਂ ਜਿਸ ਦੇ ਉੱਤੇ ਤੂੰ ਸਾਰੀ ਉਮਰ ਅੱਜ ਤੱਕ ਸਵਾਰੀ ਕੀਤੀ ਹੈ? ਕੀ ਕਦੀ ਪਹਿਲਾਂ ਵੀ ਮੈਂ ਤੇਰੇ ਨਾਲ ਅਜਿਹਾ ਕੀਤਾ ਹੈ? ਉਸ ਆਖਿਆ, ਨਹੀਂ। 
ਤਦ ਯਹੋਵਾਹ ਨੇ ਬਿਲਆਮ ਦੀਆਂ ਅੱਖਾਂ ਨੂੰ ਖੋਲ੍ਹੀਆਂ ਅਤੇ ਉਸ ਨੇ ਯਹੋਵਾਹ ਦੇ ਦੂਤ ਨੂੰ ਰਾਹ ਵਿੱਚ ਖੜ੍ਹੇ ਵੇਖਿਆ ਅਤੇ ਉਹ ਦੀ ਤਲਵਾਰ, ਉਹ ਦੇ ਹੱਥ ਵਿੱਚ ਸੀ ਤਾਂ ਉਹ ਆਪਣਾ ਸਿਰ ਨਿਵਾ ਕੇ ਉਸ ਦੇ ਅੱਗੇ ਝੁਕਿਆ। 
ਯਹੋਵਾਹ ਦੇ ਦੂਤ ਨੇ ਉਸ ਨੂੰ ਆਖਿਆ, ਤੂੰ ਕਿਉਂ ਆਪਣੀ ਗਧੀ ਨੂੰ ਤਿੰਨ ਵਾਰੀ ਮਾਰਿਆ ਹੈ? ਵੇਖ, ਮੈਂ ਅੱਜ ਤੈਨੂੰ ਰੋਕਣ ਕਈ ਆਇਆ ਹਾਂ ਕਿਉਂ ਜੋ ਤੇਰਾ ਰਾਹ ਮੇਰੇ ਅੱਗੇ ਸਹੀ ਨਹੀਂ ਹੈ। 
ਗਧੀ ਨੇ ਮੈਨੂੰ ਵੇਖਿਆ ਅਤੇ ਮੇਰੇ ਵੱਲੋਂ ਤਿੰਨ ਵਾਰੀ ਮੁੜੀ। ਜੇ ਉਹ ਮੇਰੀ ਵੱਲੋਂ ਨਾ ਮੁੜਦੀ ਤਾਂ ਹੁਣ ਮੈਂ ਤੈਨੂੰ ਵੀ ਵੱਢ ਸੁੱਟਦਾ ਪਰ ਉਹ ਨੂੰ ਜੀਉਂਦੀ ਰਹਿਣ ਦਿੰਦਾ। 
ਤਾਂ ਬਿਲਆਮ ਨੇ ਯਹੋਵਾਹ ਦੇ ਦੂਤ ਨੂੰ ਆਖਿਆ ਕਿ ਮੈਂ ਪਾਪ ਕੀਤਾ ਕਿਉਂ ਜੋ ਮੈਂ ਨਹੀਂ ਜਾਣਦਾ ਸੀ ਕਿ ਤੂੰ ਰਾਹ ਵਿੱਚ ਮੇਰੇ ਵਿਰੁੱਧ ਖੜ੍ਹਾ ਹੈਂ ਅਤੇ ਹੁਣ ਜੇ ਮੈਂ ਤੇਰੀ ਨਿਗਾਹ ਵਿੱਚ ਬੁਰਿਆਈ ਕੀਤੀ ਤਾਂ ਮੈਂ ਮੁੜ ਜਾਂਵਾਂਗਾ। 
ਫੇਰ ਯਹੋਵਾਹ ਦੇ ਦੂਤ ਨੇ ਬਿਲਆਮ ਨੂੰ ਆਖਿਆ ਕਿ ਇਨ੍ਹਾਂ ਮਨੁੱਖਾਂ ਨਾਲ ਜਾ ਪਰ ਜਿਹੜੀ ਗੱਲ ਮੈਂ ਤੇਰੇ ਨਾਲ ਬੋਲਾਂ ਉਹ ਹੀ ਗੱਲ ਤੂੰ ਬੋਲੀ ਤਦ ਬਿਲਆਮ ਬਾਲਾਕ ਦੇ ਹਾਕਮਾਂ ਨਾਲ ਚਲਿਆ ਗਿਆ। 
ਜਦ ਬਾਲਾਕ ਨੇ ਸੁਣਿਆ ਕਿ ਬਿਲਆਮ ਆ ਗਿਆ ਹੈ ਤਾਂ ਉਸ ਦੇ ਮਿਲਣ ਲਈ ਮੋਆਬ ਦੇ ਸ਼ਹਿਰ ਨੂੰ ਬਾਹਰ ਗਿਆ ਜਿਹੜਾ ਅਰਨੋਨ ਦੀਆਂ ਹੱਦਾਂ ਉੱਤੇ ਹੀ ਸੀ। 
ਤਾਂ ਬਾਲਾਕ ਨੇ ਬਿਲਆਮ ਨੂੰ ਆਖਿਆ, ਕੀ ਮੈਂ ਤੈਨੂੰ ਵੱਡੀ ਜ਼ਰੂਰਤ ਵਿੱਚ ਨਹੀਂ ਬੁਲਾਇਆ? ਤੂੰ ਕਿਉਂ ਮੇਰੇ ਕੋਲ ਨਹੀਂ ਆਇਆ? ਕੀ ਮੈਂ ਤੈਨੂੰ ਇੱਕ ਵੱਡਾ ਇਨਾਮ ਨਹੀਂ ਸੀ ਦੇ ਸਕਦਾ? 
ਪਰ ਬਿਲਆਮ ਨੇ ਬਾਲਾਕ ਨੂੰ ਆਖਿਆ, ਵੇਖ, ਮੈਂ ਤੇਰੇ ਕੋਲ ਆ ਗਿਆ ਹਾਂ। ਕੀ ਮੈਂ ਆਪਣੀ ਸ਼ਕਤੀ ਨਾਲ ਕੋਈ ਵਾਕ ਬੋਲ ਸਕਦਾ ਹਾਂ? ਜਿਹੜਾ ਵਾਕ ਪਰਮੇਸ਼ੁਰ ਮੇਰੇ ਮੂੰਹ ਵਿੱਚ ਪਾਵੇ ਉਹੀ ਮੈਂ ਬੋਲਾਂਗਾ। 
ਫੇਰ ਬਿਲਆਮ ਬਾਲਾਕ ਨਾਲ ਚੱਲਿਆ ਗਿਆ ਅਤੇ ਉਹ ਕਿਰਯਤ-ਹਸੋਥ ਵਿੱਚ ਆਏ। 
ਬਾਲਾਕ ਨੇ ਵੱਗਾਂ ਅਤੇ ਇੱਜੜਾਂ ਦੀਆਂ ਬਲੀਆਂ ਚੜ੍ਹਾਈਆਂ ਅਤੇ ਉਹ ਨੇ ਬਿਲਆਮ ਅਤੇ ਉਨ੍ਹਾਂ ਹਾਕਮਾਂ ਲਈ ਜਿਹੜੇ ਉਸ ਦੇ ਨਾਲ ਸਨ ਕੁਝ ਭੇਜਿਆ। 
ਤਦ ਸਵੇਰ ਨੂੰ ਅਜਿਹਾ ਹੋਇਆ ਕਿ ਬਾਲਾਕ ਬਿਲਆਮ ਨੂੰ ਲੈ ਕੇ ਬਆਲ ਦੀਆਂ ਉਚਿਆਈਆਂ ਉੱਤੇ ਉਸ ਨੂੰ ਲਿਆਇਆ ਜਿੱਥੋਂ ਉਸ ਨੇ ਪਰਜਾ ਦੀਆਂ ਸਰਹੱਦਾਂ ਨੂੰ ਵੇਖਿਆ। 
