﻿ਉਤ.
4.
ਆਦਮ ਨੇ ਆਪਣੀ ਪਤਨੀ ਹੱਵਾਹ ਨਾਲ ਸੰਗ ਕੀਤਾ ਅਤੇ ਉਹ ਗਰਭਵਤੀ ਹੋਈ ਅਤੇ ਕਾਇਨ ਨੂੰ ਜਨਮ ਦਿੱਤਾ ਤਦ ਉਹ ਨੇ ਆਖਿਆ, ਮੈਂ ਇੱਕ ਮਨੁੱਖ ਯਹੋਵਾਹ ਕੋਲੋਂ ਪ੍ਰਾਪਤ ਕੀਤਾ। 
ਫੇਰ ਉਸ ਨੇ ਉਸ ਦੇ ਭਰਾ ਹਾਬਲ ਨੂੰ ਜਨਮ ਦਿੱਤਾ, ਹਾਬਲ ਇੱਜੜਾਂ ਦਾ ਆਜੜੀ ਸੀ ਅਤੇ ਕਾਇਨ ਖੇਤੀਬਾੜੀ ਕਰਦਾ ਸੀ। 
ਕੁਝ ਦਿਨਾਂ ਬਾਅਦ ਅਜਿਹਾ ਹੋਇਆ ਕਿ ਕਾਇਨ ਜ਼ਮੀਨ ਦੇ ਫਲ ਤੋਂ ਯਹੋਵਾਹ ਨੂੰ ਭੇਟ ਚੜ੍ਹਾਉਣ ਲਈ ਕੁਝ ਲੈ ਆਇਆ। 
ਹਾਬਲ ਵੀ ਇੱਜੜ ਦੇ ਪਹਿਲੌਠਿਆਂ ਨੂੰ ਅਤੇ ਉਨ੍ਹਾਂ ਦੀ ਚਰਬੀ ਵਿੱਚੋਂ ਕੁਝ ਲੈ ਆਇਆ, ਅਤੇ ਯਹੋਵਾਹ ਨੇ ਹਾਬਲ ਨੂੰ ਅਤੇ ਉਹ ਦੀ ਭੇਟ ਨੂੰ ਪਸੰਦ ਕੀਤਾ। 
ਪਰ ਕਾਇਨ ਅਤੇ ਉਹ ਦੀ ਭੇਟ ਨੂੰ ਪਸੰਦ ਨਾ ਕੀਤਾ, ਇਸ ਲਈ ਕਾਇਨ ਬਹੁਤ ਕ੍ਰੋਧਵਾਨ ਹੋਇਆ ਅਤੇ ਉਹ ਦਾ ਚਿਹਰਾ ਉਦਾਸ ਹੋ ਗਿਆ। 
ਤਦ ਯਹੋਵਾਹ ਨੇ ਕਾਇਨ ਨੂੰ ਆਖਿਆ, ਤੂੰ ਕਿਉਂ ਕ੍ਰੋਧਵਾਨ ਹੈਂ ਅਤੇ ਤੇਰੇ ਚਿਹਰੇ ਤੇ ਉਦਾਸੀ ਕਿਉਂ ਛਾਈ ਹੈ? 
ਜੇ ਤੂੰ ਭਲਾ ਨਾ ਕਰੇਂ ਤਾਂ ਕੀ ਤੇਰੀ ਭੇਟ ਸਵੀਕਾਰ ਨਾ ਕੀਤੀ ਜਾਵੇਗੀ, ਪਰ ਜੇ ਤੂੰ ਭਲਾ ਨਾ ਕਰੇਂ ਤਾਂ ਪਾਪ ਦਰਵਾਜ਼ੇ ਉੱਤੇ ਘਾਤ ਲਾ ਕੇ ਬੈਠਦਾ ਹੈ ਅਤੇ ਉਹ ਤੈਨੂੰ ਲੋਚਦਾ ਹੈ ਪਰ ਤੂੰ ਉਹ ਦੇ ਉੱਤੇ ਪਰਬਲ ਹੋ। 
ਫੇਰ ਕਾਇਨ ਨੇ ਆਪਣੇ ਭਰਾ ਹਾਬਲ ਨੂੰ ਕੁਝ ਕਿਹਾ ਅਤੇ ਜਦ ਉਹ ਖੇਤ ਵਿੱਚ ਸਨ, ਤਾਂ ਕਾਇਨ ਨੇ ਆਪਣੇ ਭਰਾ ਹਾਬਲ ਦੇ ਵਿਰੁੱਧ ਉੱਠ ਕੇ ਉਸ ਨੂੰ ਮਾਰ ਦਿੱਤਾ। 
ਤਦ ਯਹੋਵਾਹ ਨੇ ਕਾਇਨ ਨੂੰ ਪੁੱਛਿਆ, ਤੇਰਾ ਭਰਾ ਹਾਬਲ ਕਿੱਥੇ ਹੈ? ਉਸ ਨੇ ਆਖਿਆ, ਮੈਂ ਨਹੀਂ ਜਾਣਦਾ। ਭਲਾ, ਮੈਂ ਆਪਣੇ ਭਰਾ ਦਾ ਰਾਖ਼ਾ ਹਾਂ? 
ਫੇਰ ਉਸ ਨੇ ਆਖਿਆ, ਤੂੰ ਇਹ ਕੀ ਕੀਤਾ ਹੈ? ਤੇਰੇ ਭਰਾ ਦਾ ਲਹੂ ਜ਼ਮੀਨ ਤੋਂ ਮੇਰੇ ਅੱਗੇ ਦੁਹਾਈ ਦਿੰਦਾ ਹੈ। 
ਇਸ ਲਈ ਹੁਣ ਤੂੰ ਜ਼ਮੀਨ ਤੋਂ, ਜਿਸ ਨੇ ਆਪਣਾ ਮੂੰਹ ਤੇਰੇ ਭਰਾ ਦਾ ਲਹੂ ਤੇਰੇ ਹੱਥੋਂ ਲੈਣ ਲਈ ਖੋਲ੍ਹਿਆ ਹੈ, ਸਰਾਪੀ ਹੋਇਆ ਹੈਂ। 
ਜਦ ਤੂੰ ਜ਼ਮੀਨ ਦੀ ਵਾਹੀ ਕਰੇਂਗਾ ਤਾਂ ਉਹ ਤੇਰੇ ਲਈ ਆਪਣੀ ਪੂਰੀ ਫ਼ਸਲ ਨਹੀਂ ਦੇਵੇਗੀ। ਤੂੰ ਧਰਤੀ ਉੱਤੇ ਭਗੌੜਾ ਅਤੇ ਭਟਕਣ ਵਾਲਾ ਹੋਵੇਂਗਾ। 
ਕਾਇਨ ਨੇ ਯਹੋਵਾਹ ਨੂੰ ਆਖਿਆ, ਮੇਰੀ ਸਜ਼ਾ ਸਹਿਣ ਤੋਂ ਬਾਹਰ ਹੈ। 
ਵੇਖ ਤੂੰ ਅੱਜ ਦੇ ਦਿਨ ਮੈਨੂੰ ਇਸ ਜ਼ਮੀਨ ਦੇ ਉੱਤੋਂ ਦੁਰਕਾਰ ਦਿੱਤਾ ਅਤੇ ਮੈਂ ਤੇਰੇ ਅੱਗੋਂ ਲੁੱਕ ਜਾਂਵਾਂਗਾ, ਮੈਂ ਧਰਤੀ ਉੱਤੇ ਭਗੌੜਾ ਅਤੇ ਭਟਕਣ ਵਾਲਾ ਹੋਵਾਂਗਾ ਅਤੇ ਜੋ ਕੋਈ ਮੈਨੂੰ ਲੱਭੇਗਾ ਉਹ ਮੈਨੂੰ ਮਾਰ ਸੁੱਟੇਗਾ। 
ਤਦ ਯਹੋਵਾਹ ਨੇ ਉਹ ਨੂੰ ਆਖਿਆ ਜੋ ਕੋਈ ਕਾਇਨ ਨੂੰ ਮਾਰੇ ਉਸ ਤੋਂ ਸੱਤ ਗੁਣਾ ਬਦਲਾ ਲਿਆ ਜਾਵੇਗਾ ਅਤੇ ਯਹੋਵਾਹ ਨੇ ਕਾਇਨ ਲਈ ਇੱਕ ਨਿਸ਼ਾਨ ਠਹਿਰਾਇਆ ਤਾਂ ਜੋ ਅਜਿਹਾ ਨਾ ਹੋਵੇ ਕਿ ਕੋਈ ਉਹ ਨੂੰ ਲੱਭ ਕੇ ਮਾਰ ਸੁੱਟੇ। 
ਸੋ ਕਾਇਨ ਯਹੋਵਾਹ ਦੇ ਹਜ਼ੂਰੋਂ ਚੱਲਿਆ ਗਿਆ ਅਤੇ ਅਦਨ ਦੇ ਪੂਰਬ ਵੱਲ ਨੋਦ ਦੇਸ਼ ਵਿੱਚ ਜਾ ਕੇ ਵੱਸ ਗਿਆ। 
ਕਾਇਨ ਨੇ ਆਪਣੀ ਪਤਨੀ ਨਾਲ ਸੰਗ ਕੀਤਾ, ਅਤੇ ਉਹ ਗਰਭਵਤੀ ਹੋਈ, ਉਸ ਨੇ ਹਨੋਕ ਨੂੰ ਜਨਮ ਦਿੱਤਾ ਅਤੇ ਉਸ ਨੇ ਇੱਕ ਨਗਰ ਬਣਾਇਆ, ਉਸ ਨੇ ਉਸ ਨਗਰ ਦਾ ਨਾਮ ਆਪਣੇ ਪੁੱਤਰ ਦੇ ਨਾਮ ਉੱਤੇ ਹਨੋਕ ਰੱਖਿਆ। 
ਹਨੋਕ ਤੋਂ ਈਰਾਦ ਜੰਮਿਆ, ਈਰਾਦ ਤੋਂ ਮਹੂਯਾਏਲ ਜੰਮਿਆ, ਮਹੂਯਾਏਲ ਤੋਂ ਮਥੂਸ਼ਾਏਲ ਜੰਮਿਆ ਅਤੇ ਮਥੂਸ਼ਾਏਲ ਤੋਂ ਲਾਮਕ ਜੰਮਿਆ। 
ਲਾਮਕ ਨੇ ਆਪਣੇ ਲਈ ਦੋ ਪਤਨੀਆਂ ਰੱਖੀਆਂ, ਇੱਕ ਦਾ ਨਾਮ ਆਦਾਹ ਸੀ ਅਤੇ ਦੂਸਰੀ ਦਾ ਨਾਮ ਜ਼ਿੱਲਾਹ ਸੀ। 
ਆਦਾਹ ਨੇ ਯਾਬਲ ਨੂੰ ਜਨਮ ਦਿੱਤਾ। ਉਹ ਉਨ੍ਹਾਂ ਦਾ ਪਿਤਾ ਸੀ ਜਿਹੜੇ ਤੰਬੂਆਂ ਵਿੱਚ ਵੱਸਦੇ ਸਨ ਅਤੇ ਪਸ਼ੂ ਪਾਲਦੇ ਸਨ। 
ਅਤੇ ਉਸ ਦੇ ਭਰਾ ਦਾ ਨਾਮ ਜ਼ੂਬਲ ਸੀ। ਉਹ ਉਹਨਾਂ ਸਾਰਿਆਂ ਦਾ ਪਿਤਾ ਸੀ ਜਿਹੜੇ ਬਰਬਤ ਅਤੇ ਬੀਨ ਵਜਾਉਂਦੇ ਸਨ। 
ਜ਼ਿੱਲਾਹ ਨੇ ਵੀ ਤੂਬਲ ਕਾਇਨ ਨੂੰ ਜਨਮ ਦਿੱਤਾ। ਉਹ ਲੋਹੇ, ਪਿੱਤਲ ਦੇ ਹਰ ਇੱਕ ਵੱਢਣ ਵਾਲੇ ਸੰਦ ਨੂੰ ਤਿੱਖਾ ਕਰਨ ਵਾਲਾ ਸੀ ਅਤੇ ਤੂਬਲ ਕਾਇਨ ਦੀ ਭੈਣ ਨਾਮਾਹ ਸੀ। 
ਲਾਮਕ ਨੇ ਆਪਣੀਆਂ ਪਤਨੀਆਂ ਨੂੰ ਆਖਿਆ - ਆਦਾਹ ਤੇ ਜ਼ਿੱਲਾਹ, ਮੇਰੀ ਗੱਲ ਨੂੰ ਸੁਣੋ, ਹੇ ਲਾਮਕ ਦੀ ਪਤਨੀਓ ਮੇਰੇ ਬਚਨ ਤੇ ਕੰਨ ਲਾਓ। ਮੈਂ ਤਾਂ ਇੱਕ ਮਨੁੱਖ ਨੂੰ, ਜਿਸ ਨੇ ਮੈਨੂੰ ਫੱਟੜ ਕੀਤਾ ਅਤੇ ਇੱਕ ਗੱਭਰੂ ਨੂੰ, ਜਿਸ ਨੇ ਮੈਨੂੰ ਸੱਟ ਮਾਰੀ ਮਾਰ ਸੁੱਟਿਆ ਹੈ। 
ਜੇ ਕਾਇਨ ਦਾ ਬਦਲਾ ਸੱਤ ਗੁਣਾ ਹੈ ਤਾਂ ਲਾਮਕ ਦਾ ਸਤੱਤਰ ਗੁਣਾ ਲਿਆ ਜਾਵੇਗਾ। 
ਆਦਮ ਨੇ ਫੇਰ ਆਪਣੀ ਪਤਨੀ ਨਾਲ ਸੰਗ ਕੀਤਾ ਅਤੇ ਉਸਨੇ ਪੁੱਤਰ ਨੂੰ ਜਨਮ ਦਿੱਤਾ ਅਤੇ ਉਸ ਨੇ ਇਹ ਆਖ ਕੇ ਉਹ ਦਾ ਨਾਮ ਸੇਥ ਰੱਖਿਆ ਕਿ ਪਰਮੇਸ਼ੁਰ ਨੇ ਮੈਨੂੰ ਹਾਬਲ ਦੀ ਥਾਂ ਇੱਕ ਹੋਰ ਪੁੱਤਰ ਦਿੱਤਾ ਜਿਸ ਨੂੰ ਕਾਇਨ ਨੇ ਮਾਰ ਸੁੱਟਿਆ ਸੀ। 
ਅਤੇ ਸੇਥ ਤੋਂ ਵੀ ਇੱਕ ਪੁੱਤਰ ਜੰਮਿਆ ਅਤੇ ਉਸ ਨੇ ਉਹ ਦਾ ਨਾਮ ਅਨੋਸ਼ ਰੱਖਿਆ। ਉਸ ਵੇਲੇ ਤੋਂ ਲੋਕ ਯਹੋਵਾਹ ਦਾ ਨਾਮ ਲੈਣ ਲੱਗੇ। 
